ਅਫਗਾਨਿਸਤਾਨ ਵਿੱਚ ਸੁਰੱਖਿਆ ਬਲਾਂ ਅਤੇ ਤਾਲਿਬਾਨ ਵਿਚਾਲੇ ਸੰਘਰਸ਼ ਜਾਰੀ ਹੈ। ਤਾਲਿਬਾਨ ਲਗਾਤਾਰ ਅਫਗਾਨਿਸਤਾਨ ਦੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਰਿਹਾ ਹੈ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਤਾਲਿਬਾਨ ਅਫਗਾਨਿਸਤਾਨ ‘ਤੇ ਤੇਜ਼ੀ ਨਾਲ ਕਬਜ਼ਾ ਕਰਨ ‘ਚ ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਇੱਥੇ ਕੁੱਝ ਵੱਡੇ ਨੇਤਾ ਦੇਸ਼ ਛੱਡ ਕੇ ਭੱਜ ਗਏ ਹਨ, ਜਦਕਿ ਕੁੱਝ ਨੇ ਤਾਲਿਬਾਨ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹੇਰਾਤ ਦੇ ਸਾਬਕਾ ਗਵਰਨਰ ਅਤੇ ਅਫਗਾਨ ਸਰਦਾਰ ਇਸਮਾਈਲ ਖਾਨ ਆਪਣੇ ਸਮਰਥਕਾਂ ਸਮੇਤ ਤਾਲਿਬਾਨ ਵਿੱਚ ਸ਼ਾਮਿਲ ਹੋ ਗਏ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ, ਹੇਰਾਤ ਦੇ ਤਾਲਿਬਾਨ ਦੇ ਹੱਥਾਂ ‘ਚ ਆਉਣ ਤੋਂ ਬਾਅਦ ਰਾਜਪਾਲ, ਪੁਲਿਸ ਮੁਖੀ ਅਤੇ ਐਨਡੀਐਸ ਦਫਤਰ ਦੇ ਮੁਖੀ ਅਤੇ 207 ਜ਼ਫਰ ਕੋਰ ਕਮਾਂਡਰ ਸਮੇਤ ਸਾਰੇ ਸਰਕਾਰੀ ਅਧਿਕਾਰੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਹ ਖਬਰ ਤਾਲਿਬਾਨ ਦੇ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ‘ਤੇ ਕਬਜ਼ਾ ਕਰਨ ਦੇ ਦਾਅਵੇ ਤੋਂ ਬਾਅਦ ਸਾਹਮਣੇ ਆਈ ਹੈ। ਤਾਲਿਬਾਨ ਦੇ ਬੁਲਾਰੇ ਨੇ ਅਧਿਕਾਰਤ ਤੌਰ ‘ਤੇ ਮਾਨਤਾ ਪ੍ਰਾਪਤ ਅਕਾਊਂਟ ‘ਤੇ ਟਵੀਟ ਕੀਤਾ, “ਕੰਧਾਰ ਪੂਰੀ ਤਰ੍ਹਾਂ ਜਿੱਤ ਲਿਆ ਹੈ। ਮੁਜਾਹਿਦੀਨ ਸ਼ਹਿਰ ਦੇ ਸ਼ਹੀਦ ਚੌਕ ‘ਤੇ ਪਹੁੰਚ ਗਏ ਹਨ।”
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ‘ਤੇ ਵੀ ਕਬਜ਼ਾ ਕਰ ਲਿਆ ਸੀ। ਤਾਲਿਬਾਨ ਦੇ ਹਮਲਿਆਂ ਦੇ ਦੌਰਾਨ ਅਫਗਾਨ ਸੁਰੱਖਿਆ ਬਲਾਂ ਨੂੰ ਹੇਰਾਤ ਛੱਡਣਾ ਪਿਆ ਹੈ। ਤਾਲਿਬਾਨ ਨੇ ਇੱਕ ਹਫਤੇ ਦੇ ਅੰਦਰ ਅੱਧੇ ਤੋਂ ਵੱਧ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਸਰਕਾਰ ਨੇ ਉੱਤਰੀ, ਦੱਖਣੀ ਅਤੇ ਪੱਛਮੀ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ਨੂੰ ਗੁਆ ਦਿੱਤਾ ਹੈ।