ਤਰਨਤਾਰਨ ਦੇ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਭਾਰਤੀ ਹਵਾਈ ਫੌਜ ਵਿੱਚ ਫਲਾਇੰਗ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ। ਕਿਸਾਨ ਦੇ ਪੁੱਤ ਨੇ ਛੋਟੀ ਹੀ ਉਮਰ ਵਿੱਚ ਇੰਡੀਅਨ ਏਅਰ ਫੋਰਸ ਵਿੱਚ ਵੱਡਾ ਅਹੁਦਾ ਹਾਸਿਲ ਕਰਕੇ ਨਾ ਸਿਰਫ ਆਪਣੇ ਪਿਤਾ ਅਤੇ ਪਿੰਡ ਦਾ, ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਤਰਨਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ (ਨੌਸ਼ਹਿਰਾ ਪੰਨੂਆਂ) ਦੇ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਆਦੇਸ਼ ਪ੍ਰਕਾਸ਼ NDA ਦੀ ਤਿਆਰੀ ਕਰਵਾਉਣ ਵਾਲੀ ਸਿੱਖਾਂ ਦੀ ਅਕੈਡਮੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ, ਤਰਨ ਤਾਰਨ ਦਾ ਵਿਦਿਆਰਥੀ ਹੈ ਅਤੇ ਸਿਰਫ਼ 19 ਸਾਲਾਂ ਦਾ ਹੈ! ਆਦੇਸ਼ ਦੇ ਪਿਤਾ ਅਮਰਬੀਰ ਸਿੰਘ ਪੰਨੂੰ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਮਾਂ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਆਦੇਸ਼ ਪ੍ਰਕਾਸ਼ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ ਹੈ। ਆਦੇਸ਼ ਪ੍ਰਕਾਸ਼ ਦੇ ਪਿਤਾ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ “ਮੇਰਾ ਬੇਟਾ ਕਾਫ਼ੀ ਸਿਆਣਾ ਹੈ ਅਤੇ ਉਸ ਵਿੱਚ ਬਹੁਤ ਛੋਟੀ ਉਮਰ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜੋਸ਼ ਸੀ। ਮੈਨੂੰ ਉਸ ਉੱਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ।” ਆਦੇਸ਼ ਨੇ ਮਾਰਚ 2017 ਵਿੱਚ ਏਅਰ ਫੋਰਸ ਲਈ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਮਈ 2017 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ, ਪੁਣੇ ਵਿੱਚ, ਕੋਰਸ ਬੈਚ 138 ਵਜੋਂ ਸ਼ਾਮਿਲ ਹੋਇਆ ਸੀ।