ਭਾਰਤੀ ਅਦਾਕਾਰਾ ਪਾਇਲ ਰੋਹਤਗੀ ਨੂੰ ਇੱਕ ਵਾਰ ਫਿਰ ਤੋਂ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਇਸ ਵਾਰ ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪਾਇਲ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸੁਸਾਇਟੀ ਦੇ ਚੇਅਰਮੈਨ ਨਾਲ ਬਦਸਲੂਕੀ ਕੀਤੀ ਹੈ। ਹਾਲਾਂਕਿ ਪਾਇਲ ਨੇ ਬਾਅਦ ਵਿੱਚ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪਾਇਲ ‘ਤੇ ਚੇਅਰਮੈਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਹੈ।
ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। 20 ਜੂਨ ਨੂੰ ਹੋਈ ਸੁਸਾਇਟੀ ਦੀ ਏਜੀਐਮ ਦੀ ਬੈਠਕ ਵਿੱਚ ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿੰਗ ਵਿੱਚ ਪਹੁੰਚੀ ਸੀ, ਜਦੋਂ ਉਸ ਨੂੰ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਸਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ, ਸੁਸਾਇਟੀ ਦੇ ਲੋਕਾਂ ਨਾਲ ਸੁਸਾਇਟੀ ਵਿੱਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੀ ਹੈ।
ਅਭਿਨੇਤਰੀ ਪਾਇਲ ਰੋਹਤਗੀ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਆਪਣੇ ਟਵੀਟ ਕਰਕੇ ਬਹੁਤ ਸੁਰਖੀਆਂ ‘ਚ ਆਉਂਦੀ ਹੈ। ਪਾਇਲ ਨੂੰ ਟ੍ਰੋਲਸ ਦਾ ਵੀ ਸਾਹਮਣਾ ਕਰਨਾ ਪੈਦਾ ਹੈ। ਪਾਇਲ ਦਾ ਨਾਮ ਕਈ ਵਿਵਾਦਾਂ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਪਹਿਲਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਪਿਛਲੇ ਸਾਲ ਨਵੰਬਰ ਤੋਂ ਪਹਿਲਾ ਠੰਢ ਅਤੇ ਹੁਣ ਗਰਮੀ ਦੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਖਾਸ ਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾ ਕਿਸਾਨਾਂ ਦੇ ਅੰਦੋਲਨ ਤੇ ਬਿਆਨਬਾਜ਼ੀ ਕਰ ਪ੍ਰਸਿੱਧੀ ਹਾਸਿਲ ਕਰਨਾ ਚਾਹੁੰਦੀਆਂ ਹਨ। ਪਾਇਲ ਰੋਹਤਗੀ ਨੇ ਵੀ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਕਈ ਗਲਤ ਟਿੱਪਣੀਆਂ ਕੀਤੀਆਂ ਸਨ।
ਇਹ ਵੀ ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋ ਪਾਇਲ ਗ੍ਰਿਫਤਾਰ ਹੋਈ ਹੈ। ਇਸ ਤੋਂ ਪਹਿਲਾਂ ਵੀ ਪਾਇਲ ਨੂੰ ਇੱਕ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਾਇਲ ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਪਾਇਲ ਨੂੰ ਰਾਜਸਥਾਨ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। 21 ਸਤੰਬਰ 2019 ਨੂੰ ਪਾਇਲ ਦੁਆਰਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵੀਡੀਓ ਵਿੱਚ ਸਾਬਕਾ ਸੁਤੰਤਰਤਾ ਸੈਨਾਨੀ ਮੋਤੀ ਲਾਲ ਨਹਿਰੂ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਸਮਾਜ ਸੇਵਕ ਅਤੇ ਯੂਥ ਕਾਂਗਰਸ ਦੇ ਨੇਤਾ ਚਰਮੇਸ਼ ਸ਼ਰਮਾ ਨੇ ਪਾਇਲ ਰੋਹਤਗੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।