ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸ਼ਨੀਵਾਰ ਨੂੰ ਅਮੀਸ਼ਾ ਪਟੇਲ ਧੋਖਾਧੜੀ ਦੇ ਇੱਕ ਮਾਮਲੇ ‘ਚ ਪੇਸ਼ ਹੋਣ ਲਈ ਰਾਂਚੀ ਸਿਵਲ ਕੋਰਟ ਪਹੁੰਚੀ, ਜਿਸ ਤੋਂ ਬਾਅਦ ਅਦਾਕਾਰਾ ਨੇ ਆਤਮ ਸਮਰਪਣ ਕਰ ਦਿੱਤਾ। ਫਿਲਮ ਅਦਾਕਾਰਾ ਅਮੀਸ਼ਾ ਪਟੇਲ ਅਤੇ ਉਸ ਦੇ ਕਾਰੋਬਾਰੀ ਸਾਥੀ ਕੁਨਾਲ ਗੁਮਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਪੈਸੇ ਲੈ ਕੇ ਮਿਊਜ਼ਿਕ ਐਲਬਮ ਨਾ ਬਣਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਧੋਖਾਧੜੀ ਅਤੇ ਧਮਕਾਉਣ ਦਾ ਵੀ ਦੋਸ਼ ਹੈ।
ਇਸ ਮਾਮਲੇ ‘ਚ ਰਾਂਚੀ ਸਿਵਲ ਕੋਰਟ ਨੇ ਅਦਾਕਾਰਾ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ। ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਅਮੀਸ਼ਾ ਪਟੇਲ ਨੂੰ 21 ਜੂਨ ਤੱਕ ਸ਼ਰਤੀਆ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੂਨ ਨੂੰ ਹੋਵੇਗੀ। ਅਦਾਲਤ ਨੇ ਅਮੀਸ਼ਾ ਪਟੇਲ ਨੂੰ ਵੀ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।
ਦੱਸ ਦੇਈਏ ਕਿ ਅਰਗੋੜਾ ਦੇ ਰਹਿਣ ਵਾਲੇ ਅਜੈ ਕੁਮਾਰ ਸਿੰਘ ਨੇ ਇਹ ਮਾਮਲਾ 17 ਨਵੰਬਰ 2018 ਨੂੰ ਸੀਜੇਐਮ ਕੋਰਟ ਵਿੱਚ ਕੀਤਾ ਸੀ। ਇਲਜ਼ਾਮ ਹੈ ਕਿ ਅਮੀਸ਼ਾ ਪਟੇਲ ਨੇ ਮਿਊਜ਼ਿਕ ਮੇਕਿੰਗ ਦੇ ਨਾਂ ‘ਤੇ ਅਜੇ ਕੁਮਾਰ ਸਿੰਘ ਤੋਂ 2.5 ਕਰੋੜ ਰੁਪਏ ਲਏ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਮਿਊਜ਼ਿਕ ਮੇਕਿੰਗ ਵੱਲ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਨਾਲ ਹੀ ਅਮੀਸ਼ਾ ਪਟੇਲ ‘ਤੇ ਫਿਲਮ ‘ਦੇਸ ਮੈਜਿਕ’ ਬਣਾਉਣ ਦੇ ਨਾਂ ‘ਤੇ ਅਜੈ ਸਿੰਘ ਤੋਂ 2.5 ਕਰੋੜ ਰੁਪਏ ਵਸੂਲਣ ਦਾ ਦੋਸ਼ ਹੈ। ਸਮਝੌਤੇ ਮੁਤਾਬਿਕ ਜਦੋਂ ਫਿਲਮ ਜੂਨ 2018 ਵਿੱਚ ਰਿਲੀਜ਼ ਨਹੀਂ ਹੋਈ ਤਾਂ ਅਜੈ ਨੇ ਪੈਸਿਆਂ ਦੀ ਮੰਗ ਕੀਤੀ। ਇਲਜ਼ਾਮ ਹੈ ਕਿ ਅਮੀਸ਼ਾ ਦੇ ਵੱਲੋਂ ਦੇਰੀ ਤੋਂ ਬਾਅਦ ਅਕਤੂਬਰ 2018 ਵਿੱਚ ਅਜੈ ਸਿੰਘ ਨੂੰ 2.5 ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ ਸਨ, ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੈ ਸਿੰਘ ਨੇ ਅਦਾਕਾਰਾ ‘ਤੇ ਮੁਕੱਦਮਾ ਕਰ ਦਿੱਤਾ।