ਕੁਝ ਵੈੱਬ ਸੀਰੀਜ਼ ਅਤੇ ਫਿਲਮਾਂ ‘ਚ ਕੰਮ ਕਰ ਚੁੱਕੇ ਅਦਾਕਾਰ ਗੌਰਵ ਬਖਸ਼ੀ ਦਾ ਨਾਂ ਅਚਾਨਕ ਚਰਚਾ ‘ਚ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਆ ਦੇ ਇਕ ਮੰਤਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ‘ਚ ਸੂਬਾ ਪੁਲਿਸ ਨੇ ਅਦਾਕਾਰ ਨੂੰ ਗ੍ਰਿਫਤਾਰ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਿਕ ਉੱਤਰੀ ਗੋਆ ਦੇ ਐਸਪੀ ਅਕਸ਼ਤ ਕੌਸ਼ਲ ਨੇ ਦੱਸਿਆ ਕਿ ਗੌਰਵ ‘ਤੇ ਪਸ਼ੂ ਪਾਲਣ ਮੰਤਰੀ ਨੀਲਕੰਤ ਹਲਰਨਕਰ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਅਦਾਕਾਰ ਖਿਲਾਫ ਬੁੱਧਵਾਰ ਰਾਤ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ 11 ਜੁਲਾਈ ਨੂੰ ਕਾਰਵਾਈ ਕਰਦੇ ਹੋਏ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਗੌਰਵ ਨੂੰ ਗੋਆ ਦੀ ਕੋਲਵੇਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਉਸ ਨੂੰ ਮਾਪੁਸਾ ਥਾਣੇ ਲਿਆਂਦਾ ਗਿਆ। ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਵੀ ਸਾਹਮਣੇ ਆਈ ਹੈ। ਮੰਤਰੀ ਨੇ ਦੱਸਿਆ ਕਿ ਉਹ ਉੱਤਰੀ ਗੋਆ ਦੇ ਰੇਵੋਰਾ ਪੰਚਾਇਤ ਦਫ਼ਤਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਜਦੋਂ ਇਹ ਘਟਨਾ ਵਾਪਰੀ।
ਨੀਲਕੰਤ ਹਲਰਨਕਰ ਨੇ ਦੋਸ਼ ਲਾਇਆ ਕਿ ਗੌਰਵ ਬਖਸ਼ੀ ਨੇ ਆਪਣੀ ਕਾਰ ਨਾਲ ਓਨਾ ਦਾ ਰਸਤਾ ਰੋਕ ਲਿਆ ਸੀ ਅਤੇ ਜਦੋਂ ਉਸ ਨੂੰ ਗੱਡੀ ਨੂੰ ਹਟਾਉਣ ਲਈ ਕਿਹਾ ਗਿਆ ਤਾਂ ਉਸ ਨੇ ਨੀਲਕੰਤ ਦੇ ਪੀਐਸਓ (ਪਰਸਨਲ ਸਕਿਉਰਿਟੀ ਅਫਸਰ) ਨੂੰ ਧਮਕੀ ਦਿੱਤੀ। ਇਸ ਮਾਮਲੇ ਬਾਰੇ ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਸੀ ਕਿ ਕਾਰਵਾਈ ਕੀਤੀ ਗਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵੀਰਵਾਰ ਨੂੰ ਪੁਲਿਸ ਨੇ ਗੌਰਵ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਅੱਗੇ ਕੀ ਹੁੰਦਾ ਹੈ।