ਬਰਮਿੰਘਮ ਵਿੱਚ ਚੱਲ ਰਹੀਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟਲਿਫਟਰ ਅਚਿੰਤਾ ਸ਼ਿਉਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਚਿੰਤਾ ਨੇ ਵੇਟਲਿਫਟਿੰਗ ਵਿੱਚ 313 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਹੈ। ਅਚਿੰਤਾ ਨੇ ਪਹਿਲੇ ਸਨੈਚ ਰਾਊਂਡ ਵਿੱਚ ਆਪਣੀ ਪਹਿਲੀ ਲਿਫਟ ਵਿੱਚ 137 ਕਿਲੋਗ੍ਰਾਮ ਭਾਰ ਚੁੱਕਿਆ। ਦੂਜੀ ਲਿਫਟ ਵਿੱਚ ਉਸ ਨੇ 139 ਕਿਲੋ ਭਾਰ ਚੁੱਕਿਆ। ਇਸ ਤੋਂ ਬਾਅਦ ਅਚਿੰਤਾ ਨੇ ਤੀਜੀ ਲਿਫਟ ਵਿੱਚ 143 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਨ੍ਹਾਂ ਨੇ ਸਨੈਚ ‘ਚ 143 ਕਿਲੋ ਭਾਰ ਚੁੱਕਿਆ।
ਇਸ ਤੋਂ ਬਾਅਦ ਕਲੀਨ ਐਂਡ ਜਰਕ ‘ਚ ਅਚਿੰਤਾ ਦਾ ਮੁਕਾਬਲਾ ਮਲੇਸ਼ੀਆ ਦੇ ਮੁਹੰਮਦ ਨਾਲ ਸੀ। ਸੋਨ ਤਗ਼ਮੇ ਲਈ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਸੀ। ਪਹਿਲੀ ਕਲੀਨ ਐਂਡ ਜਰਕ ਕੋਸ਼ਿਸ਼ ਵਿੱਚ ਅਚਿੰਤਾ 170 ਕਿਲੋ ਭਾਰ ਨਹੀਂ ਚੁੱਕ ਸਕਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਕੋਸ਼ਿਸ਼ ‘ਚ 170 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 313 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ ਤੀਜਾ ਸੋਨ ਤਮਗਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਰੇ ਗੋਲਡ ਮੈਡਲ ਵੇਟਲਿਫਟਿੰਗ ਵਿੱਚ ਆਏ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਜੇਰੇਮੀ ਲਾਲਰਿਨੁੰਗਾ ਨੇ ਇਤਿਹਾਸ ਰਚਦੇ ਹੋਏ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤਿਆ ਸੀ। ਉਹ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਅਥਲੀਟ ਬਣ ਗਿਆ ਹੈ। ਇਸ ਦੇ ਨਾਲ ਹੀ ਅਚਿੰਤਾ ਸੋਨ ਤਮਗਾ ਜਿੱਤਣ ਵਾਲਾ ਦੂਜਾ ਪੁਰਸ਼ ਅਥਲੀਟ ਬਣ ਗਿਆ ਹੈ।