ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਪੂਰੀ ਰਣਨੀਤੀ ਨਾਲ ਅੰਜਾਮ ਦਿੱਤਾ ਸੀ। ਸਿੱਧੂ ਦੇ ਕਤਲ ਵਿੱਚ ਸ਼ਾਮਿਲ ਸ਼ੂਟਰਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰੈਕਟਿਸ ਕਰਵਾਈ ਗਈ ਸੀ ਤਾਂ ਜੋ ਆਖਰੀ ਸਮੇਂ ਕੋਈ ਗਲਤੀ ਨਾ ਹੋ ਸਕੇ। ਗੈਂਗਸਟਰ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਤੋਂ ਲਗਭਗ 951 ਕਿਲੋਮੀਟਰ ਦੂਰ ਅਯੁੱਧਿਆ (ਉੱਤਰ ਪ੍ਰਦੇਸ਼) ਵਿੱਚ ਇੱਕ ਰਾਜਨੇਤਾ ਦੇ ਫਾਰਮ ਹਾਊਸ ਵਿੱਚ ਠਹਿਰੇ ਸਨ। ਉੱਥੇ ਰਹਿੰਦਿਆਂ ਉਨ੍ਹਾਂ ਨੇ ਹਥਿਆਰ ਚਲਾਉਣ ਦੀ ਸਿਖਲਾਈ ਲਈ ਅਤੇ ਆਪਣੇ ਹੈਂਡਲਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਦਾ ਹੁਕਮ ਹੋਇਆ ਤਾਂ ਉਹ ਉਥੋਂ ਚਲੇ ਗਏ। ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦੇ ਗਏ ਗੈਂਗਸਟਰ ਸਚਿਨ ਥਾਪਨ ਨੇ ਸੁਰੱਖਿਆ ਏਜੰਸੀਆਂ ਨਾਲ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।
ਇੰਨਾ ਹੀ ਨਹੀਂ ਉਸ ਸਮੇਂ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਵੀ ਏਜੰਸੀਆਂ ਨੇ ਜ਼ਬਤ ਕੀਤੀਆਂ ਹਨ। ਇਸ ‘ਚ ਧਾਰਮਿਕ ਸਥਾਨਾਂ ‘ਤੇ ਜਾਣ ਤੋਂ ਇਲਾਵਾ ਦੋਸ਼ੀ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਹੇ ਕਈ ਮੁਲਜ਼ਮਾਂ ਨੂੰ ਹੁਣ ਤੱਕ ਸੁਰੱਖਿਆ ਏਜੰਸੀਆਂ ਨੇ ਫੜ ਲਿਆ ਹੈ। ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੋਸਤਾਂ ਨਾਲ ਮੋਹਾਲੀ ਨੰਬਰ ਥਾਰ ਦੀ ਗੱਡੀ ‘ਚ ਸ਼ਾਮ ਨੂੰ ਕਿਤੇ ਜਾ ਰਿਹਾ ਸੀ। ਰਸਤੇ ‘ਚ ਪਿੰਡ ਜਵਾਹਰਕੇ ਨੇੜੇ ਸ਼ਰਾਰਤੀ ਅਨਸਰਾਂ ਨੇ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਕੇਸ ਵਿੱਚ ਹੁਣ ਤੱਕ 30 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮੁਕਾਬਲੇ ਵਿੱਚ ਦੋ ਗੈਂਗਸਟਰ ਵੀ ਮਾਰੇ ਗਏ ਹਨ।