ਕੀ ਤੁਹਾਨੂੰ ਪਤਾ ਕਿ ਵਿਦੇਸ਼ਾਂ ‘ਚ ਪੜ੍ਹਦੇ 40,000 ਦੇ ਕਰੀਬ ਪੰਜਾਬੀ ਵਿਦਿਆਰਥੀ 3000 ਕਰੋੜ ਦੇ ਕਰਜਈ ਹਨ ? ਆਉ ਤੁਹਾਨੂੰ ਤੁਹਾਡੇ ਮਨ ‘ਚ ਉੱਠ ਰਹੇ ਸਵਾਲ ਦਾ ਜਵਾਬ ਦੇ ਦਿੰਦੇ ਹਾਂ। ਦਰਅਸਲ ਸਟੇਟ ਲੇਵਲ ਬੈਂਕਰਜ਼ ਦੇ ਤਾਜਾ ਸਰਵੇਅ ‘ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਰਵੇਅ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਲਈ 2891.59 ਕਰੋੜ ਦਾ ਕਰਜਾ ਲਿਆ ਹੋਇਆ ਹੈ। ਦੱਸ ਦੇਈਏ ਕਿ ਇਹ ਕਰਜ਼ੇ ਸਰਕਾਰੀ, ਪ੍ਰਾਇਵੇਟ ਤੇ ਸਹਿਕਾਰੀ ਬੈਂਕਾਂ ਤੋਂ ਲਏ ਗਏ ਹਨ। ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੰਨ੍ਹਾਂ ਵਿਦਿਆਰਥੀਆਂ ‘ਚ 13,747 ਕੁੜੀਆਂ ਵੀ ਨੇ ਜਿਨ੍ਹਾਂ ਦੇ ਉੱਪਰ ਬੈਂਕਾਂ ਦਾ 924.18 ਕਰੋੜ ਦਾ ਕਰਜਾ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਇੰਨ੍ਹਾਂ ਕਰਜਿਆਂ ਦੇ ਵਿੱਚ ਸ਼ਾਹੂਕਾਰਾਂ ਤੇ ਆੜਤੀਆਂ ਤੋਂ ਲਿਆ ਗਿਆ ਕਰਜਾ ਸ਼ਾਮਿਲ ਨਹੀਂ ਕੀਤਾ ਗਿਆ। ਹੁਣ ਇੰਨ੍ਹਾਂ ਅੰਕੜਿਆਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਿਸ ਕਦਰ ਕਾਹਲੇ ਤੇ ਉਤਾਵਲੇ ਹਨ।
