ਮੋਗਾ ਨਗਰ ਨਿਗਮ ‘ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਹੈ। ਮੰਗਲਵਾਰ ਨੂੰ ਪਾਰਟੀ ਨੇ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤਾ ਜਿੱਤ ਲਿਆ। 50 ਵਿੱਚੋਂ 41 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਹੁਣ ਨਵੇਂ ਮੇਅਰ ਦੀ ਚੋਣ ਹੋਵੇਗੀ। 7 ਜੂਨ ਨੂੰ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ 42 ਕੌਂਸਲਰਾਂ ਨਾਲ ਮਿਲ ਕੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਮੰਗਲਵਾਰ ਨੂੰ ਸਿਰਫ਼ ਛੇ ਕੌਂਸਲਰਾਂ ਨੇ ਮੇਅਰ ਨੀਤਿਕਾ ਭੱਲਾ ਦਾ ਸਮਰਥਨ ਕੀਤਾ।
ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। 50 ਵਾਰਡਾਂ ਵਿੱਚੋਂ 20 ਕੌਂਸਲਰ ਕਾਂਗਰਸ ਦੇ ਜੇਤੂ ਰਹੇ। 10 ਆਜ਼ਾਦ ਸਨ। ਆਮ ਆਦਮੀ ਪਾਰਟੀ ਦੇ 4 ਅਤੇ ਅਕਾਲੀ ਦਲ ਦੇ 15 ਕੌਂਸਲਰ ਜੇਤੂ ਰਹੇ ਸਨ। ਇੱਕ ਕੌਂਸਲਰ ਭਾਜਪਾ ਨਾਲ ਸਬੰਧਿਤ ਸੀ। ਉਦੋਂ ਕਾਂਗਰਸ ਦੀ ਸਰਕਾਰ ਸੀ। 10 ਆਜ਼ਾਦ ਕੌਂਸਲਰ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਕਾਂਗਰਸ ਨੇ 13 ਮਈ ਨੂੰ ਆਪਣਾ ਮੇਅਰ ਬਣਾਇਆ ਸੀ। ਫਿਰ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀ ਦਲ ਦੇ 7 ਕੌਂਸਲਰ ਅਤੇ ਕਾਂਗਰਸ ਦੇ 28 ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।
ਇਸ ਤੋਂ ਇਲਾਵਾ ਕੁਝ ਕੌਂਸਲਰਾਂ ਨੇ ‘ਆਪ’ ਨੂੰ ਬਾਹਰੋਂ ਸਮਰਥਨ ਦਿੱਤਾ। ਮੰਗਲਵਾਰ ਨੂੰ ਬੇਭਰੋਸਗੀ ਮਤੇ ਦੌਰਾਨ 50 ਵਿੱਚੋਂ 41 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਮੋਗਾ ਪਹਿਲੀ ਨਿਗਮ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ। ਮੰਗਲਵਾਰ ਨੂੰ ਬਹੁਮਤ ਸਾਬਿਤ ਕਰਨ ਸਮੇਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵੀ ਮੌਜੂਦ ਸਨ |