ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਪਿੰਡ ਸਹਿਣਾ ‘ਚ ਆਪਣਾ ਆਪਾ ਖੋ ਬੈਠੇ। ਗੁੱਸੇ ‘ਚ ਆ ਕੇ ਵਿਧਾਇਕ ਨੇ ਉਸੇ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਨੂੰ ਕਿਹਾ ਕਿ ਮਾਰ-ਮਾਰ ਲਫੜੇ ਤੈਨੂੰ ਅੰਦਰ ਸੁੱਟਿਆ ਹੁੰਦਾ ਫੇਰ ਤੈਨੂੰ ਪਤਾ ਚੱਲਦਾ। ਦਰਅਸਲ ਸਰਪੰਚ ਦਾ ਮੁੰਡਾ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦਾ ਵਿਰੋਧ ਕਰ ਰਿਹਾ ਸੀ। ਲਾਭ ਸਿੰਘ ਉਗੋਕੇ ਭਦੌੜ ਹਲਕੇ ਦੇ ਵਿਧਾਇਕ ਹਨ। ਵੀਡੀਓ ‘ਚ ਮਹਿਲਾ ਸਰਪੰਚ ਦੇ ਬੇਟੇ ਨੇ ਵਿਧਾਇਕ ਉਗੋਕੇ ਨੂੰ ਕਿਹਾ ਕਿ ਪਿੰਡ ‘ਚ ਮੌਜੂਦਾ ਸਮੇਂ ‘ਚ ਚੱਲ ਰਹੀਆਂ ਸਿਹਤ ਸਹੂਲਤਾਂ ਨੂੰ ਬੰਦ ਨਾ ਕੀਤਾ ਜਾਵੇ। ਇਸ ਪਿੰਡ ਦੀ ਆਬਾਦੀ 25 ਹਜ਼ਾਰ ਹੈ। ਜੇਕਰ ਤੁਸੀਂ ਮੁਹੱਲਾ ਕਲੀਨਿਕ ਬਣਾਉਣਾ ਚਾਹੁੰਦੇ ਹੋ ਤਾਂ ਪਿੰਡ ਦੀ ਪੰਚਾਇਤ ਤੁਹਾਨੂੰ ਜਿੱਥੇ ਵੀ ਸਹੀ ਲੱਗੇਗੀ ਜਗ੍ਹਾ ਦੇਵੇਗੀ। ਤੁਸੀਂ ਉਸ ਥਾਂ ‘ਤੇ ਕਲੀਨਿਕ ਬਣਾਓ।
ਜੇਕਰ ਫੰਡਾਂ ਦੀ ਕਮੀ ਹੈ ਤਾਂ ਵੀ ਪੰਚਾਇਤ ਇਮਾਰਤ ਬਣਾ ਕੇ ਮੁਹੱਈਆ ਕਰਵਾਏਗੀ। ਸਰਪੰਚ ਦੇ ਲੜਕੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਧੱਲੇਵਾਲ ਅਤੇ ਰੂੜੇਕੇ ਦੇ ਵਾਸੀਆਂ ਨੇ ਵੀ ਵਿਰੋਧ ਕੀਤਾ ਸੀ। ਜੇਕਰ ਸਰਕਾਰ ਨੇ ਮੁਹੱਲਾ ਕਲੀਨਿਕ ਬਣਾਉਣਾ ਹੈ ਤਾਂ ਕਿਸੇ ਛੋਟੇ ਜਿਹੇ ਪਿੰਡ ਵਿੱਚ ਹੀ ਸਥਾਪਿਤ ਕੀਤਾ ਜਾਵੇ। ਵੱਡੇ ਪਿੰਡ ਵਿੱਚ ਆਬਾਦੀ ਜ਼ਿਆਦਾ ਹੈ, ਜਿਸ ਕਾਰਨ ਜੋ ਸਹੂਲਤਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ।
ਇਸ ਦੌਰਾਨ ਸਰਪੰਚ ਦੇ ਪੁੱਤਰ ਨੇ ਵਿਧਾਇਕ ਉਗੋਕੇ ਨੂੰ ਦੱਸਿਆ ਕਿ ‘ਆਪ’ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ 17 ਬੈੱਡਾਂ ਦਾ ਹਸਪਤਾਲ ਬਣਾਇਆ ਜਾਵੇਗਾ, ਪਰ ਨਹੀਂ ਬਣਿਆ। ਇਸ ‘ਤੇ ਵਿਧਾਇਕ ਉਗੋਕੇ ਨੇ ਜਵਾਬ ਦਿੱਤਾ ਕਿ ਉਨ੍ਹਾਂ ਅਜਿਹਾ ਕੋਈ ਵਾਅਦਾ ਨਹੀਂ ਕੀਤਾ। ਇਸ ਗੱਲਬਾਤ ਦੌਰਾਨ ਸਰਪੰਚ ਦੇ ਲੜਕੇ ਨੇ ਵਿਧਾਇਕ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਇਸ ਦੌਰਾਨ ਉਗੋਕੇ ਨੇ ਇਹ ਵੀ ਕਿਹਾ ਕਿ ਉਹ ਇੱਜ਼ਤ ਵੀ ਕਰ ਰਹੇ ਹਨ। ਮਾਰ-ਮਾਰ ਲਫੜੇ ਤੈਨੂੰ ਅੰਦਰ ਸੁੱਟਿਆ ਹੁੰਦਾ ਫੇਰ ਤੈਨੂੰ ਪਤਾ ਚੱਲਦਾ।
ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਇਰਾਦਾ ਹੀ ਸੀ ਕਿ ਕਿਸੇ ਨੂੰ ਬੁਰਾ ਲੱਗੇ। ਉਹ ਕਹਿਣਾ ਚਾਹੁੰਦੇ ਸਨ ਕਿ ਜੇਕਰ ਕੋਈ ਹੋਰ ਸਰਕਾਰ ਹੁੰਦੀ ਤਾਂ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਣੀ ਸੀ। ‘ਆਪ’ ਵਿਧਾਇਕ ਲੋਕਾਂ ‘ਚ ਜਾ ਕੇ ਉਨ੍ਹਾਂ ਦੀ ਗੱਲ ਸੁਣਦੇ ਹਨ। ‘ਆਪ’ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।