ਪੰਜਾਬ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰੁਪਿੰਦਰ ਰੂਬੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਟਵੀਟ ਕਰਕੇ ਲਿਖਿਆ ਹੈ ਕਿ ‘ਮੈਂ ਰੁਪਿੰਦਰ ਕੌਰ ਰੂਬੀ ਵਿਧਾਇਕਾ ਹਲਕਾ ਬਠਿੰਡਾ ਦਿਹਾਤੀ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ ਤੇ ਤੁਰੰਤ ਪ੍ਰਭਾਵ ਨਾਲ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ।’
ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਨਾ ਐਲਾਨਣ ਕਾਰਨ ਰੁਪਿੰਦਰ ਰੂਬੀ ਨੇ ਇਹ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮੰਗ ਨੂੰ ਅਣਸੁਣਿਆ ਕਰ ਰਹੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਦਾ ਪਾਰਟੀ ਵਿਚ ਦਮ ਘੁਟ ਰਿਹਾ ਸੀ। ਇਸੇ ਤੋਂ ਨਿਰਾਸ਼ ਵਿਧਾਇਕਾ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਵਿਧਾਇਕਾ ਰੂਬੀ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਤੇ ਸੀ. ਐੱਮ. ਚਿਹਰੇ ਲਈ ਉਨ੍ਹਾਂ ਤੋਂ ਹੋਰ ਵਧੀਆ ਕੋਈ ਵਿਅਕਤੀ ਨਹੀਂ।