ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ‘ਚ ਇੱਕ ਵੱਡਾ ਧਮਾਕਾ ਕਰਦਿਆਂ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਕੇਜਰੀਵਾਲ ਨੇ ਦੱਸਿਆ ਕਿ ਇਸ ਦਾ ਫੈਸਲਾ ਜਨਤਕ ਵੋਟਿੰਗ ਦੁਆਰਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਨੇ ਜਨਤਕ ਵੋਟਿੰਗ ਵਿੱਚ ਆਪਣੀ ਵੋਟ ਪਾਈ ਸੀ, ਜਿਨ੍ਹਾਂ ਵਿੱਚੋਂ 93.3 ਫੀਸਦੀ ਨੇ ਭਗਵੰਤ ਮਾਨ ਦਾ ਨਾਂ ਲਿਆ ਸੀ। ਜਦਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਨਾਂ ਦੂਜੇ ਨੰਬਰ ‘ਤੇ ਸੀ।
ਦੱਸ ਦੇਈਏ ਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਹਨ। ਕੇਜਰੀਵਾਲ ਮੁਤਾਬਿਕ ‘ਆਪ’ ਦੇ ਸਰਵੇ ‘ਚ ਵੀ ਸਿੱਧੂ ਨੂੰ 3.6 ਫੀਸਦੀ ਵੋਟਾਂ ਮਿਲੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਵੀ ਸੀਐਮ ਬਣਾਉਣ ਲਈ ਕਈਆਂ ਨੇ ਵੋਟਾਂ ਪਾਈਆਂ ਪਰ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਪੰਜਾਬ ਵਿੱਚ ਸੀਐਮ ਉਮੀਦਵਾਰ ਨਹੀਂ ਬਣਾਂਗਾ।