ਚੰਡੀਗੜ੍ਹ ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰ ਲਿਆ ਹੈ। ਸੋਮਵਾਰ ਨੂੰ ‘ਆਪ’ ਅਤੇ ਕਾਂਗਰਸ ਦੇ ਆਗੂ ਤੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਲਈ ਨਗਰ ਨਿਗਮ ਪੁੱਜੇ। ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੀ ਰਹੇਗਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਕੋਲ ਜਾਣਗੇ।
ਹੁਣ ਆਪ ਦੇ ਉਮੀਦਵਾਰ ਕੁਲਦੀਪ ਟੀਟਾ ਮੇਅਰ ਬਣ ਸਕਦੇ ਹਨ। ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ।
‘ਆਪ’ ਅਤੇ ਕਾਂਗਰਸ ਦੇ ਗਠਜੋੜ ਨੇ ਮੇਅਰ ਚੋਣਾਂ ਦੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਇਸ ਸਮੇਂ ਸਭ ਤੋਂ ਵੱਧ ਗਿਣਤੀ ਭਾਜਪਾ ਕੋਲ ਹੈ। ਉਨ੍ਹਾਂ ਕੋਲ ਮੇਅਰ ਦੀ ਚੋਣ ਲਈ ਸੰਸਦ ਮੈਂਬਰ ਕਿਰਨ ਖੇਰ ਸਮੇਤ 15 ਵੋਟਾਂ ਹਨ। ਆਮ ਆਦਮੀ ਪਾਰਟੀ ਦੀਆਂ 13 ਅਤੇ ਕਾਂਗਰਸ ਦੀਆਂ ਸੱਤ ਵੋਟਾਂ ਹਨ। ਦੋਵਾਂ ਵਿਚਾਲੇ ਗਠਜੋੜ ਹੁੰਦਾ ਹੈ ਤਾਂ ‘ਆਪ’ ਅਤੇ ਕਾਂਗਰਸ ਨੂੰ 20 ਵੋਟਾਂ ਮਿਲਦੀਆਂ ਹਨ, ਜਦੋਂ ਕਿ ਮੇਅਰ ਬਣਨ ਦਾ ਜਾਦੂਈ ਅੰਕੜਾ 19 ਹੈ। ਅਜਿਹੇ ‘ਚ ਪਿਛਲੇ ਕਈ ਸਾਲਾਂ ਤੋਂ ਮੇਅਰ ਦੀ ਕੁਰਸੀ ‘ਤੇ ਬਿਰਾਜਮਾਨ ਭਾਜਪਾ ਦਾ ਰਾਜ ਖਤਰੇ ‘ਚ ਹੈ।
ਗਠਜੋੜ ਤੋਂ ਬਾਅਦ ‘ਆਪ’ ਵੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰੀ ਗਈ ਨੇਹਾ ਅਤੇ ਪੂਨਮ ਨੂੰ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣੇ ਪਏ। ਹੁਣ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਿਰਮਲਾ ਦੇਵੀ ਦਾਅਵੇਦਾਰ ਹਨ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਮੇਅਰ ਦੀ ਚੋਣ ਵਾਲੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।
ਮੇਅਰ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਡਿਪਟੀ ਮੇਅਰ ਦਾ ਅਹੁਦਾ ਚਾਹੁੰਦੀ ਸੀ ਪਰ ਕਾਂਗਰਸ ਸੀਨੀਅਰ ਡਿਪਟੀ ਮੇਅਰ ਦੇ ਨਾਲ ਡਿਪਟੀ ਮੇਅਰ ਦਾ ਅਹੁਦਾ ਚਾਹੁੰਦੀ ਸੀ। ਇਸ ਕਾਰਨ ਮਾਮਲਾ ਭਖ ਗਿਆ ਪਰ ਹੁਣ ਇਹ ਸਹਿਮਤੀ ਬਣ ਗਈ ਹੈ ਕਿ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੀ ਰਹੇਗਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਕੋਲ ਹੀ ਰਹੇਗਾ।