ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀ, ਆਸਟ੍ਰੇਲੀਆ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸ ਵੇਲੇ ਪੰਜਾਬੀ ਜਗਤ ਲਈ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕੇ ਇੱਕ ਪੰਜਾਬੀ ਨੌਜਵਾਨ ਨੇ ਆਪਣੀ ਮਿਹਨਤ ਨਾਲ ਬਣਾਈ ਬਾਡੀ ਦੇ ਦਮ ਤੇ ਇਟਲੀ ਵਿੱਚ ਝੰਡੇ ਗੱਡ ਦਿੱਤੇ ਹਨ।
ਇਟਲੀ ਦੇ ਸ਼ਹਿਰ ਮਾਰਤੀਮਾ (ਮਿਲਾਨ) ਵਿਖੇ ਕਰਵਾਏ ਗਏ ਨੈਸ਼ਨਲ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ (ਮੈਨ ਫਿਜ਼ੀਕਸ ਚਿੱਬ ਚੈਂਪੀਅਨਸ਼ਿਪ 2021) ‘ਚ ਪੰਜਾਬੀ ਨੌਜਵਾਨ ਸਿੰਮਾ ਘੁੰਮਣ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ ਹੈ। ਇਨਾਮ ਦੇ ਤੌਰ ‘ਤੇ ਉਸ ਨੂੰ ਜੇਤੂ ਕੱਪ ਤੋਂ ਇਲਾਵਾ ਸੋਨ ਤਗਮਾ ਅਤੇ ਨਕਦੀ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਟਲੀ ਦੇ ਕਾਰੋਬਾਰੀ ਦਵਿੰਦਰ ਸਿੰਘ ਘੁੰਮਣ (ਪਿੰਡ ਤਲਵਾੜਾ, ਭੁਲੱਥ) ਦੇ ਬੇਟੇ ਸਿੰਮਾ ਘੁੰਮਣ ਨੇ ਇਸ ਤੋਂ ਪਹਿਲਾਂ ਸੂਬਾ ਪੱਧਰ ‘ਤੇ ਹੋਏ ਮੁਕਾਬਲੇ ਦੌਰਾਨ 13 ਜੂਨ ਨੂੰ ਕਰਾਰਾ ਸ਼ਹਿਰ ਵਿਖੇ ਸੋਨ ਤਮਗਾ ਜਿੱਤ ਕੇ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ।