ਜ਼ਰਾ ਸੋਚੋ, ਤੁਸੀਂ ਫਲਾਈਟ ਫੜਨ ਲਈ ਘਰ ਤੋਂ ਏਅਰਪੋਰਟ ‘ਤੇ ਪਹੁੰਚ ਗਏ ਹੋ ਅਤੇ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ, ਇਸ ਦਾ ਦਰਵਾਜ਼ਾ ਲੌਕ ਹੋ ਗਿਆ ਹੈ ਅਤੇ ਪਾਇਲਟ ਵੀ ਹੇਠਾਂ ਹੈ, ਤਾਂ ਕੀ ਹੋਵੇਗਾ? ਅਜਿਹਾ ਹੀ ਕੁਝ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਡਿਏਗੋ ਏਅਰਪੋਰਟ ‘ਤੇ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਯਾਤਰੀ ਨੇ ਗਲਤੀ ਨਾਲ ਜਹਾਜ਼ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਫਿਰ ਦਰਵਾਜ਼ਾ ਲੌਕ ਹੋ ਗਿਆ। ਲੌਕ ਦਰਵਾਜ਼ਾ ਸਿਰਫ਼ ਪਾਇਲਟ ਹੀ ਖੋਲ੍ਹ ਸਕਦੇ ਹਨ ਜੋ ਖ਼ੁਦ ਵੀ ਜਹਾਜ਼ ‘ਤੇ ਨਹੀਂ ਚੜ੍ਹੇ ਸੀ।
ਇਹ ਘਟਨਾ 24 ਮਈ ਨੂੰ ਵਾਪਰੀ ਜਦੋਂ ਸਾਊਥਵੈਸਟ ਏਅਰਲਾਈਨਜ਼ ਦਾ ਜਹਾਜ਼ ਸੈਨ ਡਿਏਗੋ ਹਵਾਈ ਅੱਡੇ ‘ਤੇ ਉਡਾਣ ਭਰਨ ਵਾਲਾ ਸੀ। ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇਕ-ਇਕ ਕਰਕੇ ਜਹਾਜ਼ ਦੇ ਅੰਦਰ ਜਾ ਰਹੇ ਸਨ। ਫਿਰ ਇੱਕ ਯਾਤਰੀ ਨੇ ਗਲਤੀ ਨਾਲ ਫਲਾਈਟ ਡੈੱਕ ਦਾ ਦਰਵਾਜ਼ਾ ਬੰਦ ਕਰ ਦਿੱਤਾ। ਦਰਵਾਜ਼ਾ ਬੰਦ ਹੁੰਦੇ ਹੀ ਇਹ ਲੌਕ ਹੋ ਗਿਆ ਜਦਕਿ ਜਹਾਜ਼ ਨੇ ਥੋੜ੍ਹੀ ਦੇਰ ਵਿੱਚ ਸੈਕਰਾਮੈਂਟੋ ਲਈ ਉਡਾਣ ਭਰਨੀ ਸੀ।
ਦਰਵਾਜ਼ਾ ਬੰਦ ਹੋਣ ਦੀ ਸੂਚਨਾ ਮਿਲਦੇ ਹੀ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਪਸੀਨਾ ਆਉਣ ਲੱਗਿਆ। ਇਸ ਤੋਂ ਬਾਅਦ ਪਾਇਲਟ ਨੇ ਦੇਸੀ ਜੁਗਾੜ ਲਗਾ ਕੇ ਕਾਕਪਿਟ ਦੀ ਖਿੜਕੀ ਰਾਹੀਂ ਜਹਾਜ਼ ‘ਚ ਦਾਖਲ ਹੋਣ ਦੀ ਟ੍ਰਿਕ ਲੱਭੀ। ਇਸ ਦੇ ਲਈ ਉਹ ਪਹਿਲਾ ਮੋਬਾਈਲ ਬੋਰਡਿੰਗ ਪੌੜੀਆਂ ਰਾਹੀਂ ਕਾਕਪਿਟ ਦੀ ਖਿੜਕੀ ਤੱਕ ਪਹੁੰਚਿਆ ਅਤੇ ਫਿਰ ਉੱਥੋਂ ਅੰਦਰ ਦਾਖਲ ਹੋਇਆ ਤਾਂ ਕਿ ਜਹਾਜ਼ ਦਾ ਦਰਵਾਜ਼ਾ ਖੋਲ੍ਹਿਆ ਜਾ ਸਕੇ।
ਇਸ ਦੌਰਾਨ ਜਹਾਜ਼ ਦੇ ਕੋਲ ਖੜ੍ਹੇ ਮੈਕਸ ਰੇਕਸਰੋਡ ਨਾਂ ਦੇ ਯਾਤਰੀ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਰੇਕਸਰੋਡ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਸੈਨ ਡਿਏਗੋ ਤੋਂ ਸੈਕਰਾਮੈਂਟੋ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਲਈ ਹਵਾਈ ਅੱਡੇ ‘ਤੇ ਪਹੁੰਚ ਰਿਹਾ ਸੀ ਜਦੋਂ ਉਸਨੇ ਇੱਕ ਪਾਇਲਟ ਨੂੰ ਇੱਕ ਖਿੜਕੀ ਰਾਹੀਂ ਜਹਾਜ਼ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਦੇਖਿਆ। ਬਾਅਦ ‘ਚ ਪਤਾ ਲੱਗਾ ਕਿ ਜਹਾਜ਼ ਦਾ ਦਰਵਾਜ਼ਾ ਬੰਦ ਸੀ, ਜਿਸ ਨੂੰ ਖੋਲ੍ਹਣ ਲਈ ਪਾਇਲਟ ਨੇ ਇੰਝ ਕੀਤਾ ਸੀ ।
ਦੂਜੇ ਪਾਸੇ ਸਾਊਥਵੈਸਟ ਏਅਰਲਾਈਨਜ਼ ਨੇ ਇਸ ਘਟਨਾ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੋਰਡਿੰਗ ਪ੍ਰਕਿਰਿਆ ਦੌਰਾਨ ਇੱਕ ਯਾਤਰੀ ਨੇ ਗਲਤੀ ਨਾਲ ਫਲਾਈਟ ਡੈੱਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ। ਜਦੋਂ ਕਿ ਪਾਇਲਟ ਜਹਾਜ਼ ‘ਚ ਸਵਾਰ ਹੋਣ ਲਈ ਬਾਹਰ ਖੜ੍ਹੇ ਸਨ। ਇਸ ਤੋਂ ਬਾਅਦ ਪਾਇਲਟ ਨੇ ਡੇਕ ਦੀ ਖਿੜਕੀ ਰਾਹੀਂ ਦਰਵਾਜ਼ਾ ਖੋਲ੍ਹਿਆ ਅਤੇ ਫਿਰ ਅੰਦਰ ਦਾਖਲ ਹੋ ਗਿਆ।