ਫਲਾਈਟ ‘ਚ ਸ਼ਰਾਬ ਪੀ ਕੇ ਏਅਰ ਹੋੋਸਟੈੱਸ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਏਅਰਪੋੋਰਟ ਤੋਂ ਇੱਕ ਪੰਜਾਬੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਹਵਾਈ ਯਾਤਰਾ ਦੌਰਾਨ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਵਿਚਾਲੇ ਬਹਿਸ ਅਤੇ ਲੜਾਈ-ਝਗੜੇ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜਿਹਾ ਵੀ ਕਈ ਵਾਰ ਹੋਇਆ ਹੈ ਜਦੋਂ ਕਈ ਸ਼ਰਾਬੀ ਯਾਤਰੀਆਂ ਦੀ ਏਅਰ ਹੋਸਟੈਸ ਅਤੇ ਕਰੂ ਮੈਂਬਰਾਂ ਨਾਲ ਲੜਾਈ ਹੋਈ ਹੈ। ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਦੁਬਈ-ਅੰਮ੍ਰਿਤਸਰ ਫਲਾਈਟ ਵਿੱਚ ਸਾਹਮਣੇ ਆਇਆ ਹੈ। ਦਰਅਸਲ ਦੁਬਈ ਤੋਂ ਅੰਮ੍ਰਿਤਸਰ ਜਾ ਰਹੀ ਫਲਾਈਟ ‘ਚ ਏਅਰਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਇੱਕ ਸ਼ਰਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਪੁਲਿਸ ਨੇ ਪੰਜਾਬ ਦੇ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਫਲਾਈਟ ਦੌਰਾਨ ਰਜਿੰਦਰ ਸਿੰਘ ਦੀ ਏਅਰ ਹੋਸਟੈੱਸ ਨਾਲ ਬਹਿਸ ਹੋਈ ਅਤੇ ਉਸ ਨੇ ਉਸ ਨਾਲ ਕਥਿਤ ਤੌਰ ‘ਤੇ ਛੇੜਛਾੜ ਵੀ ਕੀਤੀ। ਦੱਸਿਆ ਗਿਆ ਹੈ ਕਿ ਘਟਨਾ ਦੇ ਸਮੇਂ ਦੋਸ਼ੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਸੀ। ਇਸ ਮਗਰੋਂ ਏਅਰ ਹੋਸਟੇਸ ਨੇ ਇਸ ਘਟਨਾ ਦੀ ਜਾਣਕਾਰੀ ਚਾਲਕ ਦਲ ਨੂੰ ਦਿੱਤੀ ਤੇ ਜਹਾਜ਼ ਦੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਘਟਨਾ ਦੀ ਸੂਚਨਾ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਏਅਰਲਾਈਨ ਦੇ ਸੁਰੱਖਿਆ ਵਿਭਾਗ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਤੋਂ ਬਾਅਦ ਜਿਵੇਂ ਹੀ ਜਹਾਜ਼ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਜਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਅਤੇ ਧਾਰਾ 509 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ 10 ਅਪ੍ਰੈਲ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਚਾਲਕ ਦਲ ਦੇ ਮੈਂਬਰਾਂ ਨਾਲ ਵੀ ਉਲਝ ਗਿਆ ਸੀ। ਵਿਵਾਦ ਇੰਨਾ ਵੱਧ ਗਿਆ ਸੀ ਕਿ ਫਲਾਈਟ ਦੇ ਕਪਤਾਨ ਨੂੰ ਜਹਾਜ਼ ਨੂੰ ਅੱਧ ਵਿਚਾਲੇ ਹੀ ਵਾਪਿਸ ਦਿੱਲੀ ਵੱਲ ਮੋੜਨਾ ਪਿਆ ਸੀ।
ਜਹਾਜ਼ ਦੇ ਦਿੱਲੀ ‘ਚ ਉਤਰਨ ਤੋਂ ਬਾਅਦ ਹੰਗਾਮਾ ਕਰਨ ਵਾਲੇ ਯਾਤਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਇਸ ਘਟਨਾ ਦੇ ਬਾਰੇ ‘ਚ ਏਅਰ ਇੰਡੀਆ ਨੇ ਏਅਰਕ੍ਰਾਫਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਯਾਤਰੀ ਦੇ ਰਵੱਈਏ ਨੂੰ ਦੇਖਦੇ ਹੋਏ ਜਹਾਜ਼ ਨੂੰ ਅੱਧ ਵਿਚਾਲੇ ਹੀ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਸੀ। ਯਾਤਰੀ ‘ਤੇ ਚਾਲਕ ਦਲ ਦੇ ਮੈਂਬਰਾਂ ‘ਤੇ ਹਮਲਾ ਕਰਨ ਦਾ ਵੀ ਦੋਸ਼ ਹੈ।