ਨਿਊਜ਼ੀਲੈਂਡ ‘ਚ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ ਜਿੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸਿਹਤ ਕਰਮਚਾਰੀਆਂ ਦੀ ਲਾਪਰਵਾਹੀ ਵੀ ਲੋਕਾਂ ‘ਤੇ ਭਾਰੀ ਪੈ ਰਹੀ ਹੈ। ਦਰਅਸਲ ਸਿਹਤ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਇੱਕ ਮਾਂ ਨੂੰ ਆਪਣਾ ਹੋਣ ਵਾਲਾ ਬੱਚਾ ਗਵਾਉਣਾ ਪਿਆ ਹੈ। ਇਸ ਸਬੰਧੀ ਮਹਿਲਾ ਨੇ ਡਿਪਟੀ ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਜਿਸ ‘ਤੇ ਹੁਣ ਕਾਰਵਾਈ ਕੀਤੀ ਗਈ ਹੈ। ਰਿਪੋਰਟ ਅਨੁਸਾਰ ਮਹਿਲਾ ਦੀ ਸਕੈਨ ਕਰਨ ਵਾਲੇ ਰੇਡੀਓਲੋਜੀਸਟ ਅਤੇ ਉਸਦੀ ਦਾਈ ਵੱਲੋਂ ਵਰਤੀ ਲਾਪਰਵਾਹੀ ਕਾਰਨ ਮਹਿਲਾ ਨੂੰ ਆਪਣਾ ਬੱਚਾ ਗਵਾਉਣਾ ਪਿਆ ਤੇ ਇਸ ਲਈ ਕਮਿਸ਼ਨ ਨੇ ਮਹਿਲਾ ਤੋਂ ਮੁਆਫੀ ਵੀ ਮੰਗੀ ਹੈ। ਦਰਅਸਲ ਮਹਿਲਾ ਦੀ ਹੋਈ ਸਕੈਨ ਜਿਸ ਵਿੱਚ ਇਹ ਪਤਾ ਲੱਗਿਆ ਸੀ ਕਿ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਵਾਧਾ ਸਹੀ ਢੰਗ ਨਾਲ ਨਹੀਂ ਹੋ ਰਿਹਾ, ਉਹ ਸਕੈਨ ਸਮਾਂ ਰਹਿੰਦਿਆਂ ਦਾਈ ਨੂੰ ਨਹੀਂ ਭੇਜੀ ਗਈ ਅਤੇ ਇਸ ਸਕੈਨ ਸਬੰਧੀ ਦਾਈ ਨੇ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਬੱਚੇ ਨੂੰ ਬਚਾਇਆ ਨਾ ਜਾ ਸਕਿਆ। ਰੇਡੀਓਲੋਜਿਸਟ ਨੂੰ ਲਿਖਤੀ ਵਿੱਚ ਮੁਆਫੀ ਮੰਗਣ ਦੇ ਨਾਲ, ਭਵਿੱਖ ਵਿੱਚ ਆਪਣੇ ਕੰਮ ਪ੍ਰਤੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਆਦੇਸ਼ ਹੋਏ ਹਨ। ਮਹਿਲਾ ਤੇ ਉਸਦੇ ਪਾਰਟਨਰ ਦਾ ਨਾਮ ਗੁਪਤ ਰੱਖਿਆ ਗਿਆ ਹੈ।
