ਉੱਤਰਾਖੰਡ ਦੇ ਰਾਮਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਸੈਲਾਨੀਆਂ ਨਾਲ ਭਰੀ ਇੱਕ ਕਾਰ ਤੇਜ਼ ਨਦੀ ਵਿੱਚ ਡਿੱਗ ਗਈ ਹੈ। ਇਸ ਹਾਦਸੇ ‘ਚ 10 ਲੋਕ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ ਹਨ। ਸੂਚਨਾ ਮਿਲਦੇ ਹੀ ਐਨਡੀਆਰਐਫ ਸਮੇਤ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਬਚਾਅ ਮੁਹਿੰਮ ਚਲਾ ਕੇ 9 ਬਜ਼ੁਰਗਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇੱਕ ਲੜਕੀ ਅਤੇ ਇੱਕ ਔਰਤ ਨੂੰ ਬਚਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਸਾਰੇ ਲੋਕ ਪੰਜਾਬ ਦੇ ਰਹਿਣ ਵਾਲੇ ਹਨ। 11 ਲੋਕ ਅਰਟਿਗਾ ਕਾਰ ‘ਚ ਉਤਰਾਖੰਡ ਦੇ ਸੈਰ-ਸਪਾਟਾ ਸਥਾਨਾਂ ‘ਤੇ ਘੁੰਮਣ ਗਏ ਸਨ। ਇਸੇ ਦੌਰਾਨ ਅੱਜ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਰਾਮਨਗਰ ਸਥਿਤ ਢੇਲਾ ਨਦੀ ਨੇੜੇ ਪੁੱਜੀ। ਭਾਰੀ ਮੀਂਹ ਕਾਰਨ ਨਦੀ ਓਵਰਫਲੋ ਹੋ ਗਈ ਸੀ ਅਤੇ ਪੁਲ ਉਪਰੋਂ ਪਾਣੀ ਵਹਿ ਰਿਹਾ ਸੀ। ਇਸ ਦੇ ਬਾਵਜੂਦ ਡਰਾਈਵਰ ਨੇ ਸਾਵਧਾਨੀ ਨਹੀਂ ਵਰਤੀ ਅਤੇ ਤੇਜ਼ ਰਫ਼ਤਾਰ ਨਾਲ ਪੁਲ ਪਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸੈਲਾਨੀਆਂ ਨਾਲ ਭਰੀ ਕਾਰ ਨਦੀ ਵਿੱਚ ਜਾ ਡਿੱਗੀ।
ਇਸ ਨੂੰ ਦੇਖ ਕੇ ਰਾਹਗੀਰਾਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਬਚਾਅ ਦਲ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪਰ ਕਾਰ ਵਿਚ ਸਵਾਰ ਸਾਰੇ ਲੋਕ ਪਾਣੀ ਵਿਚ ਵਹਿ ਗਏ। ਜਲਦਬਾਜ਼ੀ ‘ਚ ਆਸਪਾਸ ਦੇ ਇਲਾਕਿਆਂ ‘ਚ ਸੂਚਨਾ ਦਿੱਤੀ ਗਈ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ। ਇਸ ਦੌਰਾਨ ਬਚਾਅ ਟੀਮ ਨੇ ਥੋੜ੍ਹੇ ਹੀ ਸਮੇਂ ਵਿੱਚ ਇੱਕ 22 ਸਾਲਾ ਲੜਕੀ ਅਤੇ ਇੱਕ ਔਰਤ ਨੂੰ ਬਚਾ ਲਿਆ, ਜਦਕਿ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ‘ਤੇ 9 ਬਜ਼ੁਰਗਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।