ਆਸਟ੍ਰੇਲੀਆ ਨੇ ਦਿੱਗਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਦੂਜੀ ਵਾਰ ਵੀਜ਼ਾ ਰੱਦ ਕਰ ਦਿੱਤਾ ਹੈ। ਟੈਨਿਸ ਦੇ ਮਹਾਨ ਖਿਡਾਰੀ ਜੋਕੋਵਿਚ ਦਾ ਵੀਜ਼ਾ ਸ਼ੁੱਕਰਵਾਰ ਨੂੰ ਦੂਜੀ ਵਾਰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਕੋਰੋਨਾ ਦਾ ਟੀਕਾ ਨਾ ਲੱਗਣ ਦੇ ਬਾਵਜੂਦ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਦੀ ਕਾਨੂੰਨੀ ਲੜਾਈ ਜਿੱਤ ਲਈ ਸੀ ਪਰ ਸਰਕਾਰ ਨੇ ਦੂਜੀ ਵਾਰ ਉਸਦਾ ਵੀਜ਼ਾ ਰੱਦ ਕਰਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਅਨ ਸਰਕਾਰ ਨੇ ਟੀਕਾਕਰਨ ਨਾ ਹੋਣ ਕਾਰਨ ਦੂਜੀ ਵਾਰ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਹੈ।
ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਫੈਸਲੇ ਦਾ ਮਤਲਬ ਹੈ ਕਿ ਜੋਕੋਵਿਚ ਨੂੰ ਹੁਣ ਤਿੰਨ ਸਾਲ ਲਈ ਡਿਪੋਰਟ ਕੀਤਾ ਜਾ ਸਕਦਾ ਹੈ। ਹਾਲਾਂਕਿ, 34 ਸਾਲਾ ਸਰਬੀਆਈ ਟੈਨਿਸ ਸਟਾਰ ਅਜੇ ਵੀ ਦੇਸ਼ ਵਿੱਚ ਰਹਿਣ ਲਈ ਇੱਕ ਹੋਰ ਕਾਨੂੰਨੀ ਲੜਾਈ ਲੜ ਸਕਦਾ ਹੈ। ਜੋਕੋਵਿਚ ਨੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ‘ਚ ਖੇਡਣਾ ਸੀ ਪਰ ਇਸ ਫੈਸਲੇ ਤੋਂ ਬਾਅਦ ਉਸ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ।