ਦੋ ਦਿਨਾਂ ਪੰਜਾਬ ਦੌਰੇ ‘ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਹੈ । ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਤੋਂ ਪਹਿਲਾਂ ਇੱਕ ਹੋਰ ਵੱਡਾ ਦਾਅ ਖੇਡ ਦਿੱਤਾ ਹੈ। ‘ਆਪ’ ਨੇ CM ਚਿਹਰੇ ਦਾ ਐਲਾਨ ਕਰਨ ਦਾ ਫ਼ੈਸਲਾ ਪੰਜਾਬ ਦੇ ਲੋਕਾਂ ’ਤੇ ਸੁੱਟ ਦਿੱਤਾ ਹੈ । ਜਿਸਦੇ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਮੋਬਾਇਲ ਨੰਬਰ ਜਾਰੀ ਕੀਤਾ ਗਿਆ ਹੈ, ਤਾਂ ਜੋ ਲੋਕ ਆਪਣੇ ਮੁੱਖ ਮੰਤਰੀ ਚਿਹਰੇ ਲਈ ਉਮੀਦਵਾਰ ਦੇ ਨਾਮ ਦਾ ਸੁਝਾਅ ਦੇ ਸਕਣ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਮੁੱਖ ਮੰਤਰੀ ਚਿਹਰਾ ਚੁਣਨ ਲਈ ‘70748 70748’ ਨੰਬਰ ਜਾਰੀ ਕੀਤਾ ਹੈ। ਇਹ ਨੰਬਰ 17 ਜਨਵਰੀ ਦੀ ਸ਼ਾਮ 5.00 ਵਜੇ ਤੱਕ ਖੁਲ੍ਹਾ ਰਹੇਗਾ। ਲੋਕ ਐਸਐਮਐਸ, ਕਾਲ ਅਤੇ ਵਟਸਐਪ ਰਾਹੀਂ ਇਸ ਨੰਬਰ ‘ਤੇ ਆਪਣੀ ਰਾਏ ਦੇ ਸਕਦੇ ਹਨ ਅਤੇ ਆਪਣੀ ਪਸੰਦ ਦਾ ਮੁੱਖ ਮੰਤਰੀ ਚਿਹਰਾ ਚੁਣ ਸਕਦੇ ਹਨ। ਸਾਰਾ ਡਾਟਾ ਇਕੱਠਾ ਕਰਕੇ ਪਾਰਟੀ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ।
ਮੁੱਖ ਮੰਤਰੀ ਚੁਣਨ ਲਈ ਨਵੀਂ ਲੋਕਤਾਂਤਰਿਕ ਰਿਵਾਇਤ ਦੀ ਸ਼ੁਰੂਆਤ ਕਰਦੇ ਹੋਏ ਅਰਵਿੰਦ ਕੇਜਰਵਿਲ ਨੇ ਕਿਹਾ,”ਭਾਰਤ ਦੇ ਇਤਿਹਾਸ ਵਿੱਚ ਪਹਿਲੀ ਬਾਰ ਆਮ ਆਮਦੀ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ। ਇਹ ਤੈਅ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ, ਲੇਕਿਨ ਅਸੀਂ ਇਹ ਤੈਅ ਨਹੀਂ ਕਰਾਂਗੇ। ਇਹ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ।”