ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਅਤੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਚੋਣ ਮੈਦਾਨ ‘ਚ ਉੱਤਰੇ ਕਿਸਾਨ ਆਗੂਆਂ ਦੀ ਪਾਰਟੀ ਨੇ ਵੀ ਆਪਣੀ ਪਹਿਲੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ 10 ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਇਸ ਸੂਚੀ ਵਿੱਚ ਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਸ਼ਾਮਿਲ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਸੀਟ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਵੱਜੋਂ ਚੋਣ ਮੈਦਾਨ ‘ਚ ਉੱਤਰਣ ਜਾ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟੰਡਨ, ਜੈਤੋਂ ਤੋਂ ਰਮਨਦੀਪ ਸਿੰਘ, ਫਿਲੌਰ ਤੋਂ ਅਜੇ ਕੁਮਾਰ, ਕਾਦੀਆਂ ਤੋਂ ਬਲਰਾਜ ਸਿੰਘ, ਤਰਨਤਾਰਨ ਤੋਂ ਡਾ. ਸੁਖਮਨਦੀਪ ਸਿੰਘ ਢਿੱਲੋਂ, ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਘਨੌਰ ਤੋਂ ਪ੍ਰੇਮ ਸਿੰਘ ਭੰਗੂ, ਮੋਹਾਲੀ ਤੋਂ ਰਵਨੀਤ ਸਿੰਘ ਬਰਾੜ ਅਤੇ ਮੋਗਾ ਤੋਂ ਨਵਦੀਪ ਸੰਘਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।