ਫਿਲਮ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਹੈ। ਸੋਮਵਾਰ ਨੂੰ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਤੋਜ ਸਿੰਘ ਸਿੱਧੂ ਮਾਲਵਿਕਾ ਸੂਦ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਵਾਈ। ਇਸ ਦੌਰਾਨ ਸੋਨੂੰ ਸੂਦ ਵੀ ਘਰ ‘ਚ ਮੌਜੂਦ ਸਨ। ਹਾਲਾਂਕਿ, ਸੋਨੂੰ ਸੂਦ ਸੀਐਮ ਚੰਨੀ ਅਤੇ ਨਵਜੋਤ ਸਿੱਧੂ ਨਾਲ ਡਾਇਸ ‘ਤੇ ਨਹੀਂ ਗਏ।
ਪੰਜਾਬ ਵਿੱਚ ਅਗਲੇ ਮਹੀਨੇ 14 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਸੂਬੇ ਵਿੱਚ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਮਾਲਵਿਕਾ ਸੂਦ ਪੰਜਾਬ ਦੇ ਮੋਗਾ ਤੋਂ ਚੋਣ ਲੜ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਸੋਨੂੰ ਸੂਦ ਨੇ ਚੰਡੀਗੜ੍ਹ ਨੇੜੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੀ ਭੈਣ ਮਾਲਵਿਕਾ ਦੇ ਚੋਣ ਲੜਨ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਦੌਰਾਨ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲੇ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਸੀ ਅਤੇ ਸੋਨੂੰ ਸੂਦ ਦੇ ਕਾਂਗਰਸ ਵਿੱਚ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਚਰਚਾ ਹੈ ਕਿ ਉਹ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟੀ ਜਾ ਸਕਦੀ ਹੈ। ਹਰਜੋਤ ਕਮਲ ਵੀ ਇਹਨਾਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲੱਗੇ ਹਨ।