ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆ ਦੇ ਕੋਰਟ ‘ਚ ਜੰਗ ਜਿੱਤ ਲਈ ਹੈ। ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਦੇ ਆਸਟ੍ਰੇਲੀਆਈ ਸਰਕਾਰ ਦੇ ਫੈਸਲੇ ਨੂੰ ਸੰਘੀ ਅਦਾਲਤ ਵਿੱਚ ਪਲਟ ਦਿੱਤਾ ਗਿਆ ਹੈ। ਅਦਾਲਤ ਨੇ ਜੋਕੋਵਿਚ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਸਰਕਾਰ ਦੇ ਵਕੀਲ ਨੇ ਕਿਹਾ ਕਿ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਲਈ ਮੰਤਰੀ ਸ਼ਕਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮੈਲਬੌਰਨ ਦੀ ਇੱਕ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਨੋਵਾਕ ਜੋਕੋਵਿਚ ਦਾ ਪਾਸਪੋਰਟ ਅਤੇ ਸਰਕਾਰ ਵੱਲੋਂ ਜ਼ਬਤ ਕੀਤੀਆਂ ਹੋਰ ਚੀਜ਼ਾਂ ਤੁਰੰਤ ਵਾਪਸ ਕੀਤੀਆਂ ਜਾਣ। ਹਾਲਾਂਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਆਸਟ੍ਰੇਲੀਆ ਸਰਕਾਰ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕੋਲ ਅਜੇ ਵੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ ਤੋਂ ਬਾਹਰ ਭੇਜਣ ਦਾ ਅਧਿਕਾਰ ਹੈ, ਇਸ ਲਈ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਨੋਵਾਕ ਜੋਕੋਵਿਚ ਨੇ ਇਸ ਗੱਲ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕੀ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਜਾ ਨਹੀਂ, ਆਸਟ੍ਰੇਲੀਅਨ ਓਪਨ ਨੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ, ਪਰ ਵਿਵਾਦਾਂ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਆਖਰੀ ਦਿਨ ਐਨ ਮੌਕੇ ‘ਤੇ ਵੀਜ਼ਾ ਰੱਦ ਕਰ ਦਿੱਤਾ ਸੀ।