ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ । ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਵਿਦੇਸ਼ਾਂ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਹੀ ਦੁਖਦਾਈ ਖ਼ਬਰ ਨਿਊਜ਼ੀਲੈਂਡ ਦੇ ਪਾਪਾਟੋਏਟੋਏ ਤੋਂ ਆਈ ਹੈ।
ਆਪਣੇ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਗਈ ਪੰਜਾਬ ਦੀ ਇੱਕ ਨੌਜਵਾਨ ਕੁੜੀ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਨਾਲ ਲੜਕੀ ਦੇ ਪਿੰਡ ਤੇ ਘਰ ‘ਚ ਮਾਤਮ ਛਾ ਗਿਆ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਮੰਦਭਾਗੀ ਘਟਨਾ ਬੀਤੇ ਮੰਗਲਵਾਰ ਨੂੰ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿ਼ਵਮ ਕੌਰ ਬੀਤੇ ਮੰਗਲਵਾਰ ਨੂੰ ਆਪਣੇ ਇੱਕ ਦੋਸਤ ਨਾਲ ਆਕਲੈਂਡ ਤੋਂ ਬਾਹਰ ਗਈ ਸੀ। ਇਸ ਦੌਰਾਨ ਰਸਤੇ `ਚ ਕੈਂਬਰਿਜ ਨੇੜੇ ਟਾਉਪੀਰੀ `ਚ ਡਾਸਨ ਰੋਡ `ਤੇ ਦੁਰਘਟਨਾ ਵਾਪਰ ਗਈ ਅਤੇ ਗੱਡੀ ਨੂੰ ਅੱਗ ਲੱਗ ਗਈ ਇਸ ਹਾਦਸੇ ‘ਚ ਸਿ਼ਵਮ ਕੌਰ ਦੀ ਮੌਤ ਹੋ ਗਈ, ਜਦਕਿ ਗੱਡੀ `ਚ ਸਵਾਰ ਉਸ ਦੇ ਦੋਸਤ ਦਾ ਬਚਾਅ ਹੋ ਗਿਆ ਹੈ।
ਹਾਲਾਂਕਿ ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਪਛਾਣ ਨਾ ਆਉਣ ਦੇ ਕਾਰਨ ਲੜਕੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ। ਮ੍ਰਿਤਕ ਦੇ ਨਾਮ ਦਾ ਖੁਲਾਸਾ ਫੋਰੈਂਸਿਕ ਜਾਂਚ ਤੋਂ ਬਾਅਦ ਕੀਤਾ ਜਾ ਸਕਦਾ ਹੈ। ਸਿ਼ਵਮ ਕੌਰ ਆਕਲੈਂਡ ਦੇ ਸਬਅਰਬ ਪਾਪਾਟੋਏਟੋਏ ਵਾਸੀ ਬਲਦੇਵ ਸਿੰਘ ਅਤੇ ਰਾਜਿੰਦਰਪਾਲ ਕੌਰ ਦੀ ਬੇਟੀ ਸੀ। ਸਿ਼ਵਮ ਕੌਰ ਸੱਤ ਕੁ ਸਾਲ ਪਹਿਲਾਂ ਹੀ ਆਪਣੇ ਮਾਤਾ-ਪਿਤਾ ਦੇ ਨਾਲ ਨਿਊਜ਼ੀਲੈਂਡ ਆਈ ਸੀ, ਸਿ਼ਵਮ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਕਾਨੂੰਨੀ ਪੜ੍ਹਾਈ ਕਰਨ ਮਗਰੋਂ ਇਸੇ ਸੋਮਵਾਰ ਤੋਂ ਸਿ਼ਵਮ ਬਤੌਰ ਬਰਿਸਟਰ ਆਪਣੀ ਜੌਬ ਸ਼ੁਰੂ ਕਰਨ ਵਾਲੀ ਸੀ। ਪਰ ਉਸ ਤੋਂ ਪਹਿਲਾ ਹੀ ਉਸ ਨਾਲ ਇਹ ਮੰਦਭਾਗਾ ਭਾਣਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਪਰਿਵਾਰ ਨਸਰਾਲਾ ਨੇੜੇ ਪਿੰਡ ਮੇਘੋਵਾਲ ਗੰਜਿਆਂ ਜਿ਼ਲ੍ਹੇ ਹੁਸਿ਼ਆਰਪੁਰ ਦੇ ਨਾਲ ਸਬੰਧਿਤ ਹੈ।