ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ, ਇਸ ਖ਼ਤਰੇ ਵਿਚਕਾਰ ਨਵਾਂ ਸਾਲ ਸ਼ੁਰੂ ਹੁੰਦੀਆਂ ਹੀ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾ: ਟੇਡਰੋਸ ਅਡਾਨੋਮ ਘੇਬਰੇਅਸਸ (Tedros Adhanom Ghebreyesus) ਨੇ ਉਮੀਦ ਜਤਾਈ ਹੈ ਕਿ 2022 ਕੋਵਿਡ -19 ਮਹਾਂਮਾਰੀ ਦੇ ਅੰਤ ਦਾ ਸਾਲ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਲਈ ਇੱਕ ਸ਼ਰਤ ਵੀ ਜੋੜੀ ਹੈ। ਸ਼ਰਤ ਇਹ ਹੈ ਕਿ ਸਾਰੇ ਦੇਸ਼ਾਂ ਨੂੰ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।
ਡਬਲਯੂਐਚਓ ਦੇ ਮੁਖੀ ਨੇ ਕਿਹਾ ਕਿ, ‘ਕੁੱਝ ਦੇਸ਼ ਤੰਗ ਰਾਸ਼ਟਰਵਾਦ ਦੇ ਸ਼ਿਕਾਰ ਹਨ। ਇਸ ਕਾਰਨ ਉਹ ਟੀਕੇ ਦਾ ਭੰਡਾਰ ਕਰ ਰਹੇ ਹਨ।’ ਇਸੇ ਲਈ ਜਿੱਥੇ ਵੈਕਸੀਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉੱਥੇ ਇਹ ਨਹੀਂ ਪਹੁੰਚ ਰਹੀ ਜਾਂ ਬਹੁਤ ਘੱਟ ਮਾਤਰਾ ਵਿੱਚ ਪਹੁੰਚ ਰਹੀ ਹੈ। ਇਨ੍ਹਾਂ ਹਾਲਾਤਾਂ ਨੇ ਕੋਵਿਡ-19 ਦੇ ਓਮੀਕ੍ਰੋਨ ਰੂਪ ਨੂੰ ਵਧਣ-ਫੁੱਲਣ ਅਤੇ ਫੈਲਣ ਲਈ ਸਾਰੀਆਂ ਅਨੁਕੂਲ ਸਥਿਤੀਆਂ ਪ੍ਰਦਾਨ ਕੀਤੀਆਂ। ਪਰ ਜੇਕਰ ਅਸੀਂ ਵੈਕਸੀਨ ਦੀ ਵੰਡ ਵਿੱਚ ਅਸਮਾਨਤਾ ਨੂੰ ਖਤਮ ਕਰਦੇ ਹਾਂ, ਤਾਂ ਅਸੀਂ ਮਹਾਂਮਾਰੀ ਨੂੰ ਵੀ ਖਤਮ ਕਰਨ ਵਿੱਚ ਸਫਲ ਹੋ ਜਾਵਾਂਗੇ।