ਵੀਰਵਾਰ ਨੂੰ ਲੁਧਿਆਣੇ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਇਸ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਸਿਮ ਅਤੇ ਡੋਂਗੇਲ ਤੋਂ ਟਰੈਕ ਕਰਕੇ ਕੀਤੀ ਹੈ। ਹਾਲਾਂਕਿ ਉਸਦਾ ਚਿਹਰਾ ਅਤੇ ਸਰੀਰ ਵਿਗੜਿਆ ਹੋਇਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਲਾਸ਼ ਦੀ ਪੁਸ਼ਟੀ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਸਾਬਕਾ ਪੁਲਿਸ ਮੁਲਾਜ਼ਮ ਵਜੋਂ ਹੋਈ ਹੈ।
ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇਕ ਸਿਮ ਅਤੇ ਕੁਝ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਮ੍ਰਿਤਕ ਦੀ ਬਾਂਹ ’ਤੇ ਬਣੇ ਟੈਟੂ ਨੇ ਵੀ ਸ਼ਨਾਖ਼ਤ ਕਰਨ ਵਿਚ ਮਦਦ ਕੀਤੀ ਹੈ। ਮ੍ਰਿਤਕ ਹੈੱਡ ਕਾਂਸਟੇਬਲ ਸੀ, ਉਸ ਨੂੰ 2019 ਵਿੱਚ ਨਸ਼ੇ ਦੇ ਇੱਕ ਮਾਮਲੇ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਦੋ ਸਾਲ ਜੇਲ੍ਹ ਵਿੱਚ ਬਿਤਾਏ। ਉਸ ਨੂੰ ਸਤੰਬਰ ਮਹੀਨੇ ਵਿੱਚ ਰਿਹਾਅ ਕੀਤਾ ਗਿਆ ਸੀ।
ਗਗਨਦੀਪ ਸਿੰਘ ਦੇ ਕਥਿਤ ਤੌਰ ‘ਤੇ ਡਰੱਗ ਮਾਮਲੇ ਨਾਲ ਸਬੰਧ ਸਨ। ਖੰਨਾ ਸਦਰ ਥਾਣੇ ਦੇ ਸਾਬਕਾ ਮੁਨਸ਼ੀ ਗਗਨਦੀਪ ਸਿੰਘ ਨੂੰ STF ਨੇ ਅਗਸਤ 2019 ਵਿੱਚ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਖੰਨਾ ਦਾ ਰਹਿਣ ਵਾਲਾ ਗਗਨਦੀਪ ਇੱਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਸੂਤਰਾਂ ਅਨੁਸਾਰ ਮੁਲਜ਼ਮ ਖੰਨਾ ਦੀ ਪ੍ਰੋਫੈਸਰ ਕਲੋਨੀ ਦਾ ਦੱਸਿਆ ਜਾ ਰਿਹਾ ਹੈ, ਇਸ ਦੌਰਾਨ ਐਨਆਈਏ ਦੀ ਟੀਮ ਨੇ ਖੰਨਾ ਵਿਚ ਵੀ ਛਾਪੇਮਾਰੀ ਕੀਤੀ ਹੈ।