ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇੱਕ ਨਵਾਂ ਫਰਮਾਨ ਸੁਣਾਉਂਦਿਆਂ ਦੇਸ਼ ‘ਚ ਲੋਕਾਂ ਦੇ ਹੱਸਣ, (ਸ਼ੌਪਿੰਗ) ਖਰੀਦਦਾਰੀ ਕਰਨ ਅਤੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 11 ਦਿਨਾਂ ਤੱਕ ਜਾਰੀ ਰਹੇਗੀ। ਕਿਮ ਜੋਂਗ ਨੇ ਇਹ ਪਾਬੰਦੀ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਸ਼ਾਸਕ ਕਿਮ ਜੋਂਗ ਇਲ ਦੀ 10ਵੀਂ ਬਰਸੀ ਮੌਕੇ ਲਗਾਈ ਹੈ।
ਕਿਮ ਜੋਂਗ ਉਨ ਨੇ ਆਪਣੇ ਪਿਤਾ ਦੀ ਮੌਤ ਦੇ 10 ਸਾਲ ਪੂਰੇ ਹੋਣ ‘ਤੇ ਉੱਤਰੀ ਕੋਰੀਆ ਦੇ ਲੋਕਾਂ ‘ਤੇ 11 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਹੈ, ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਗਈ ਹੈ। ਇਸ ਦੌਰਾਨ ਦੇਸ਼ ਦੇ ਲੋਕ ਨਾ ਤਾਂ ਹੱਸ ਸਕਦੇ ਹਨ ਅਤੇ ਨਾ ਹੀ ਸ਼ਰਾਬ ਪੀ ਸਕਦੇ ਹਨ। ਇੰਨਾ ਹੀ ਨਹੀਂ, ਉਹ ਆਪਣੇ ਨਿੱਜੀ ਦੁੱਖ ਵਿੱਚ ਉੱਚੀ-ਉੱਚੀ ਰੋ ਵੀ ਨਹੀਂ ਸਕਦੇ। ਪਾਰਟੀਆਂ, ਸ਼ੌਪਿੰਗ ਆਦਿ ‘ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੇ ਹੁਕਮ ਵੀ ਦਿੱਤੇ ਗਏ ਹਨ।
ਉੱਤਰ-ਪੂਰਬੀ ਸਰਹੱਦੀ ਕਸਬੇ ਸਿਨੁਈਜੂ (Sinuiju) ਦੇ ਇੱਕ ਵਸਨੀਕ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਗ ਦੇ ਸਮੇਂ (17 ਦਸੰਬਰ ਤੋਂ) ਸਾਡੇ ‘ਤੇ ਸ਼ਰਾਬ ਨਾ ਪੀਣ, ਹੱਸਣ ਅਤੇ ਕਿਸੇ ਵੀ ਖੇਡ ਵਿੱਚ ਹਿੱਸਾ ਨਾ ਲੈਣ ਦੀ ਪਬੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਇਸ ਸੋਗ ਦੇ ਦੌਰ ਵਿੱਚ ਜਿਹੜਾ ਵੀ ਵਿਅਕਤੀ ਸ਼ਰਾਬ ਪੀਂਦਾ ਫੜਿਆ ਗਿਆ ਸੀ, ਉਸ ਨੂੰ ਮੁੜ ਕਦੇ ਨਹੀਂ ਦੇਖਿਆ ਗਿਆ। ਇਨ੍ਹਾਂ 11 ਦਿਨਾਂ ਦੌਰਾਨ ਜੇਕਰ ਕਿਸੇ ਦੇ ਘਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਰੋਣ ਜਾਂ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਹੈ। ਸੋਗ ਦਾ ਦਿਨ ਪੂਰਾ ਹੋਣ ਤੱਕ ਲਾਸ਼ ਘਰ ਵਿੱਚ ਰਹੇਗੀ। ਇਨ੍ਹਾਂ 11 ਦਿਨਾਂ ਦੌਰਾਨ ਲੋਕ ਆਪਣਾ ਜਨਮ ਦਿਨ ਵੀ ਨਹੀਂ ਮਨਾ ਸਕਦੇ।