ਦੱਖਣੀ ਪਾਕਿਸਤਾਨ ਦੇ ਕਰਾਚੀ ਵਿੱਚ ਅੱਜ ਇੱਕ ਸੀਵਰੇਜ ਸਿਸਟਮ ਵਿੱਚ ਇੱਕ ਜ਼ਬਰਦਸਤ ਗੈਸ ਧਮਾਕਾ ਹੋਇਆ ਹੈ। ਇਸ ਹਾਦਸੇ ‘ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ ਹਨ। ਜਦਕਿ ਕਈ ਹੋਰ ਲੋਕਾਂ ਦੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਅਤੇ ਇੱਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦੇ ਬੁਲਾਰੇ ਸੋਹੇਲ ਜੋਖਿਓ ਨੇ ਦੱਸਿਆ ਕਿ ਸ਼ਹਿਰ ਦੇ ਸ਼ੇਰਸ਼ਾਹ ਇਲਾਕੇ ‘ਚ ਇੱਕ ਬੈਂਕ ਦੀ ਇਮਾਰਤ ਦੇ ਹੇਠਾਂ ਸੀਵਰੇਜ ‘ਚ ਗੈਸ ਜਮ੍ਹਾ ਹੋਣ ਕਾਰਨ ਇਹ ਧਮਾਕਾ ਹੋਇਆ ਹੈ।
ਜੋਖਿਓ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਗੈਸ ਵਿੱਚ ਇਹ ਅੱਗ ਕਿਸ ਕਾਰਨ ਲੱਗੀ ਪਰ ਜਾਂਚ ਲਈ ਵਿਸਫੋਟਕ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ। ਇੱਥੇ ਕਰਾਚੀ ਦੇ ਟਰਾਮਾ ਸੈਂਟਰ ‘ਚ ਡਾਕਟਰ ਸਾਬਿਰ ਮੇਮਨ ਨੇ ਦੱਸਿਆ ਕਿ ਇਸ ਘਟਨਾ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਕਈ ਜ਼ਖ਼ਮੀਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਧਮਾਕੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਨੇੜੇ ਖੜੀ ਇੱਕ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਫਿਲਹਾਲ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਹੈ।