ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆਉਣ ਕਾਰਨ ਪੰਜਾਬ ਲੋਕ ਕਾਂਗਰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਪੰਜਾਬ ਇੰਚਾਰਜ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਸੀਂ ਮਿਲ ਕੇ ਚੋਣਾਂ ਲੜਾਂਗੇ। ਅੱਜ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਚੋਣਾਂ ਲੜ ਰਹੇ ਹਾਂ। ਜਿੱਥੋਂ ਤੱਕ ਸੀਟ ਸਮਝੌਤੇ ਦਾ ਸਵਾਲ ਹੈ, ਇਸ ਬਾਰੇ ਸਹੀ ਸਮੇਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 101 ਫੀਸਦੀ ਚੋਣਾਂ ਜਿੱਤਣ ਜਾ ਰਹੇ ਹਾਂ, ਜਦੋਂ ਵੀ ਸੀਟਾਂ ਦੀ ਵੰਡ ਹੋਵੇਗੀ ਤਾਂ ਜਿੱਤ ਦੀ ਸੰਭਾਵਨਾ ਸਭ ਤੋਂ ਵੱਡਾ ਅਤੇ ਇੱਕੋ ਇੱਕ ਫੈਕਟਰ ਹੋਵੇਗਾ। ਸੀਟਾਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸੀਟਾਂ ‘ਤੇ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਸੀ। ਕੈਪਟਨ ਨੇ ਟਵਿੱਟਰ ‘ਤੇ ਗਜੇਂਦਰ ਸਿੰਘ ਨਾਲ ਜੱਫੀ ਪਾਉਂਦੇ ਦੀ ਆਪਣੀ ਇੱਕ ਤਸਵੀਰ ਪੋਸਟ ਕਰਕੇ ਇਸ ਗਠਜੋੜ ਦਾ ਐਲਾਨ ਕੀਤਾ ਹੈ।