ਕਿਸਾਨ ਅੰਦੋਲਨ ਦੀ ਜਿੱਤ ਅਤੇ ਪੰਜਾਬ ਦੇ ਬਦਲੇ ਮਾਹੌਲ ਤੋਂ ਬੁੱਧੀਜੀਵੀ, ਪੱਤਰਕਾਰ ਤੇ ਕਲਾਕਾਰ ਕਾਫੀ ਉਮੀਦਾਂ ਲਾਈ ਬੈਠੇ ਹਨ। ਇਸ ਲਈ ਇੱਕ ਪਾਸੇ ਕਿਸਾਨਾਂ ਉੱਪਰ ਚੋਣ ਲੜਨ ਦਾ ਦਬਾਅ ਪਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਬੁੱਧੀਜੀਵੀ, ਪੱਤਰਕਾਰ ਤੇ ਕਲਾਕਾਰ ਵੀ ਸਿਆਸੀ ਤਬਦੀਲੀ ਲਈ ਰਣਨੀਤੀ ਬਣਾ ਰਹੇ ਹਨ। ਇਸ ਤਹਿਤ ਹੀ ਮੰਗਲਵਾਰ ਨੂੰ ਬੁੱਧੀਜੀਵੀ ਤੇ ਕਲਾਕਾਰ ਇੱਕਤਰ ਹੋਏ ਜਿੱਥੇ ਇੱਕ ਵੱਡਾ ਐਲਾਨ ਕਰਦਿਆਂ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਨੇ ਜੂਝਦਾ ਪੰਜਾਬ ਮੰਚ ਦਾ ਐਲਾਨ ਕੀਤਾ।
ਇਸ ਦੌਰਾਨ ਅਮਿਤੋਜ਼ ਮਾਨ ਨੇ ਕਿਹਾ ਕਿ ਅਸੀਂ ਕੋਈ ਚੋਣ ਨਹੀਂ ਲੜਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਆਪਣਾ ਇੱਕ ਏਜੰਡਾ ਸਾਰੀਆਂ ਸਿਆਸੀ ਪਾਰਟੀਆਂ ਦੇ ਅੱਗੇ ਰੱਖਾਂਗੇ, ਜੋ ਉਸ ਨਾਲ ਸਹਿਮਤ ਹੋਵੇਗਾ ਉਸ ਦਾ ਸਮਰਥਨ ਕੀਤਾ ਜਾਵੇਗਾ ਅਤੇ ਜੋ ਸਹਿਮਤ ਨਹੀਂ ਹੋਵੇਗਾ ਫਿਰ ਉਸ ਦਾ ਵਿਰੋਧ ਵੀ ਕੀਤਾ ਜਾਵੇਗਾ। ਪਾਰਟੀ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ, ਐਮ.ਐਲ.ਏ ਚੋਣ ਲੜਨ ਤੋਂ ਪਹਿਲਾਂ ਉਮੀਦਵਾਰ ਨੂੰ ਆਪਣੇ ਏਜੰਡੇ ਦਾ ਹਲਫਨਾਮਾ ਦੇਣਾ ਹੋਵੇਗਾ, ਜੇਕਰ ਹਲਫਨਾਮਾ ਨਹੀਂ ਦਿੱਤਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਗੰਦੀ ਰਾਜਨੀਤੀ ਕਰਨ ਵਾਲਿਆਂ ਦਾ ਪਰਦਾਫਾਸ਼ ਕਰਾਂਗੇ। ਕਿਸਾਨ ਲਹਿਰ ਦੀ ਜਿੱਤ ਨੇ ਪੰਜਾਬ ਦੇ ਲੋਕਾਂ ਦੀ ਇਕਮੁੱਠਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਪੰਜਾਬ ਵਿੱਚ ਕੁੱਝ ਹੋਰ ਬੋਲਦੀਆਂ ਹਨ ਅਤੇ ਦਿੱਲੀ ਜਾ ਕੇ ਕੁੱਝ ਹੋਰ ਬੋਲਦੀਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਉਨ੍ਹਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਕਾਰਾ ਰਣਜੀਤ ਬਾਵਾ ਵੀ ਹਾਜ਼ਰ ਸਨ।