ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਬਿਪਿਨ ਰਾਵਤ ਤਾਮਿਲਨਾਡੂ ਦੇ ਕੂਨੂਰ ਨੇੜੇ ਵਾਪਰੇ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਦਾ ਵੀ ਦਿਹਾਂਤ ਹੋ ਗਿਆ ਹੈ। ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸੀਡੀਐਸ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਵੀ ਹੈਲੀਕਾਪਟਰ ਵਿੱਚ ਸਵਾਰ ਸੀ।
ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ, ‘ਹੁਣ ਅਫਸੋਸ ਨਾਲ ਪਤਾ ਲੱਗਾ ਹੈ ਕਿ ਇਸ ਮੰਦਭਾਗੇ ਹਾਦਸੇ ‘ਚ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਜਹਾਜ਼ ‘ਚ ਸਵਾਰ 11 ਹੋਰ ਲੋਕ ਸ਼ਹੀਦ ਹੋ ਗਏ ਹਨ।’ ਇਸ ਹਾਦਸੇ ਵਿੱਚ ਗਰੁਪ ਕੈਪਟਨ ਵਰੁਣ ਸਿੰਘ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦਾ ਇਲਾਜ ਜਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਿਪਿਨ ਰਾਵਤ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿਟਰ ‘ਤੇ ਲਿਖਿਆ, “ਤਾਮਿਲਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ, ਜਿਸ ਵਿੱਚ ਅਸੀਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮੇਰੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ”।