ਭਾਰਤ ਨੇ ਮੁੰਬਈ ਟੈਸਟ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 540 ਦੌੜਾਂ ਦਾ ਪਹਾੜ ਵਰਗਾ ਟੀਚਾ ਦਿੱਤਾ ਸੀ, ਜਿਸ ਨੂੰ ਪਾਰ ਕਰਨ ‘ਚ ਨਿਊਜ਼ੀਲੈਂਡ ਦੀ ਟੀਮ ਨਾਕਾਮ ਰਹੀ ਅਤੇ ਦੂਜੀ ਪਾਰੀ ‘ਚ ਸਿਰਫ 167 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਦੇ ਸਪਿਨਰਾਂ ਦੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ ਪੂਰੀ ਤਰਾਂ ਬੇਬੱਸ ਨਜ਼ਰ ਆਈ ਹੈ। ਜਯੰਤ ਯਾਦਵ ਨੇ ਰਵੀਚੰਦਰਨ ਅਸ਼ਵਿਨ ਦੇ ਨਾਲ ਮਿਲ ਕੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਦੂਜੀ ਪਾਰੀ ਵਿੱਚ ਅਸ਼ਵਿਨ ਨੇ ਚਾਰ ਅਤੇ ਜਯੰਤ ਯਾਦਵ ਨੇ ਵੀ ਚਾਰ ਵਿਕਟਾਂ ਹਾਸਿਲ ਕੀਤੀਆਂ ਹਨ।
ਨਿਊਜ਼ੀਲੈਂਡ ਨੇ ਕਾਨਪੁਰ ਟੈਸਟ ਡਰਾਅ ਕਰ ਲਿਆ ਸੀ, ਪਰ ਮੁੰਬਈ ਵਿੱਚ ਇਹ ਨਾ ਹੋ ਸਕਿਆ ਅਤੇ ਭਾਰਤ ਨੇ ਸੀਰੀਜ਼ 1-0 ਨਾਲ ਜਿੱਤ ਲਈ। ਭਾਰਤ ਨੇ ਵੀ ਮੁੰਬਈ ਟੈਸਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੌੜਾਂ ਦੇ ਲਿਹਾਜ਼ ਨਾਲ ਕਿਸੇ ਵੀ ਟੈਸਟ ਮੈਚ ਵਿੱਚ ਭਾਰਤ ਦੀ ਇਹ ਸਭ ਤੋਂ ਵੱਡੀ ਟੈਸਟ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ ਸੀ ਪਰ ਹੁਣ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਹੈ।