ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਇੱਕ ਵਾਰ ਫਿਰ ਬੈਲਨ ਡੀ ਓਰ ਪੁਰਸਕਾਰ ਜਿੱਤ ਲਿਆ ਹੈ। ਮੈਸੀ ਨੇ ਰਿਕਾਰਡ ਸੱਤਵੀਂ ਵਾਰ ਇਹ ਐਵਾਰਡ ਜਿੱਤਿਆ ਹੈ। ਇਸ ਦੇ ਨਾਲ ਹੀ ਮਹਿਲਾ ਵਰਗ ‘ਚ ਅਲੈਕਸੀਆ ਪੁਤੇਲਾਸ ਨੇ ਬਾਰਸੀਲੋਨਾ ਅਤੇ ਸਪੇਨ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਇਹ ਪੁਰਸਕਾਰ ਜਿੱਤਿਆ ਹੈ। ਅਲੈਕਸੀਆ ਅਜਿਹਾ ਕਰਨ ਵਾਲੀ ਤੀਜੀ ਮਹਿਲਾ ਫੁੱਟਬਾਲਰ ਬਣ ਗਈ ਹੈ। 34 ਸਾਲਾ ਮੈਸੀ ਨੇ ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਬਾਇਰਨ ਮਿਊਨਿਖ ਦੇ ਸਟਾਰ ਰੌਬਰਟ ਲੇਵਾਂਡੋਵਸਕੀ ਨੂੰ ਪਿੱਛੇ ਛੱਡ ਕੇ ਇਹ ਐਵਾਰਡ ਜਿੱਤਿਆ। ਇਸ ਤੋਂ ਪਹਿਲਾਂ ਮੈਸੀ ਨੇ ਸਾਲ 2009, 2010, 2011, 2012, 2015 ਅਤੇ 2019 ‘ਚ ਬੈਲਨ ਡੀ’ਓਰ ਐਵਾਰਡ ਜਿੱਤਿਆ ਸੀ।
ਕਿਸੇ ਹੋਰ ਖਿਡਾਰੀ ਨੇ ਇੰਨੀ ਵਾਰ ਇਹ ਪੁਰਸਕਾਰ ਨਹੀਂ ਜਿੱਤਿਆ ਹੈ। ਮੈਸੀ ਦਾ ਮਜ਼ਬੂਤ ਵਿਰੋਧੀ ਕ੍ਰਿਸਟੀਆਨੋ ਰੋਨਾਲਡੋ ਹੁਣ ਤੱਕ ਪੰਜ ਵਾਰ (2008, 2013, 2014, 2016, 2017) ਜੇਤੂ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੈਲਨ ਡੀ’ਓਰ ਪੁਰਸਕਾਰ ਫਰਾਂਸ ਦੀ ਫੁੱਟਬਾਲ ਮੈਗਜ਼ੀਨ ਦੁਆਰਾ ਦਿੱਤਾ ਜਾਂਦਾ ਹੈ, ਇਹ ਸਾਲ 1956 ਤੋਂ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਫੁੱਟਬਾਲ ਜਗਤ ‘ਚ ਕਾਫੀ ਮਾਨਤਾ ਹੈ। ਇਹ ਪੁਰਸਕਾਰ ਸਾਲ 2020 ਵਿਚ ਕੋਰੋਨਾ ਸੰਕਟ ਕਾਰਨ ਨਹੀਂ ਦਿੱਤਾ ਗਿਆ ਸੀ।