ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ‘ਚ ਕਿਸਾਨ ਅੰਦੋਲਨ ਦੇ ਸਮਰਥਨ ‘ਚ ਬੋਲਦਿਆਂ ਕਿਹਾ ਹੈ ਕਿ, ਮੇਰੇ ਦੇਸ਼ ਦੇ ਕਿਸਾਨ ਨੇ ਆਪਣੇ ਸੱਤਿਆਗ੍ਰਹਿ ਰਾਹੀਂ ਦਿਖਾ ਦਿੱਤਾ ਹੈ ਕਿ ਬੇਇਨਸਾਫ਼ੀ ਵਿਰੁੱਧ ਸੱਚ ਅਤੇ ਮਜ਼ਬੂਤ ਇਰਾਦਿਆਂ ਦੀ ਜਿੱਤ ਯਕੀਨੀ ਤੌਰ ‘ਤੇ ਹੋਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦਾ ਸੰਘਰਸ਼ ਲੜਿਆ ਗਿਆ, ਉਹ ਕਿਸੇ ਆਜ਼ਾਦੀ ਸੰਘਰਸ਼ ਤੋਂ ਘੱਟ ਨਹੀਂ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਸਾਨ ਨਹੀਂ ਸਗੋਂ ਲੋਕਤੰਤਰ ਅਤੇ ਭਾਰਤ ਦੀ ਜਿੱਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਹੰਕਾਰ ਕਾਰਨ ਇਹ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ ਅਤੇ ਸਰਕਾਰ ਸੋਚਦੀ ਸੀ ਕਿ ਉਹ ਕੁੱਝ ਵੀ ਕਰ ਸਕਦੀ ਹੈ, ਪਰ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਅੰਦੋਲਨ ਦੀ ਤਾਕਤ ਦਿਖਾਈ ਹੈ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ ਅਤੇ ਸਫਲ ਰਿਹਾ। ਮੈਂ ਕਿਸਾਨਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਕੇਜਰੀਵਾਲ ਨੇ ਕਿਹਾ, ”ਖਾਸ ਤੌਰ ‘ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਉਥੋਂ ਸੈਂਕੜੇ ਟਰੈਕਟਰ ਆਏ। ਪਿਛਲੇ ਸਾਲ ਸਰਦੀਆਂ ਵਿੱਚ ਵੀ ਉਹ ਬੈਠੇ ਰਹੇ, ਗਰਮੀ, ਡੇਂਗੂ, ਕਰੋਨਾ ਵਰਗੀ ਹਰ ਚੀਜ਼ ਨੂੰ ਮਾਤ ਦਿੰਦੇ ਰਹੇ। ਮੈਨੂੰ ਲੱਗਦਾ ਹੈ ਕਿ ਮਨੁੱਖ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਅੰਦੋਲਨ ਹੈ। ਸਭ ਤੋਂ ਵੱਧ ਅਹਿੰਸਕ, ਸੰਜਮੀ ਅੰਦੋਲਨ। ਹਾਕਮ ਧਿਰ ਨੇ ਉਨ੍ਹਾਂ ਨੂੰ ਉਕਸਾਉਣ, ਕੁਚਲਣ, ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸ਼ਾਂਤ ਰਿਹਾ। ਆਪਣੇ ਹੀ ਦੇਸ਼ ਵਿੱਚ 700 ਕਿਸਾਨ ਸ਼ਹੀਦ ਹੋਏ, ਮੈਂ ਉਨ੍ਹਾਂ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ। ਹਰ ਕੋਈ ਇਸ ਅੰਦੋਲਨ ਵਿੱਚ ਸ਼ਾਮਿਲ ਹੋਇਆ, ਕੋਈ ਸਿੱਧਾ ਘਰੋਂ ਪ੍ਰਾਰਥਨਾਵਾਂ ਭੇਜ ਰਿਹਾ ਸੀ। ਹਰ ਜਾਤ, ਵਰਗ ਅਤੇ ਧਰਮ ਦੇ ਲੋਕਾਂ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕਿੰਨੀਆਂ ਗਾਲ੍ਹਾਂ ਦਿੱਤੀਆਂ ਗਈਆਂ ਕਿ ਇਹ ਦੇਸ਼ ਵਿਰੋਧੀ, ਖਾਲਿਸਤਾਨੀ, ਪਾਕਿਸਤਾਨੀ ਏਜੰਟ, ਚੀਨੀ ਏਜੰਟ ਹਨ ਪਰ ਸਰਕਾਰ ਇਨ੍ਹਾਂ ਦੇ ਹੌਂਸਲੇ ਦੇ ਸਾਹਮਣੇ ਹਾਰ ਗਈ। ਉਨ੍ਹਾਂ ‘ਤੇ ਵਾਟਰ ਕੈਨਨ ਨਾਲ ਪਾਣੀ ਦੀ ਵਰਖਾ ਕੀਤੀ ਗਈ ਪਰ ਉਨ੍ਹਾਂ ਦੀ ਹਿੰਮਤ ਦੇ ਸਾਹਮਣੇ ਵਾਟਰ ਕੈਨਨ ਦਾ ਪਾਣੀ ਸੁੱਕ ਗਿਆ। ਸੜਕ ‘ਤੇ ਮੇਖਾਂ ਗੱਡੀਆਂ ਗਈਆਂ ਪਰ ਸਰਕਾਰ ਦੀਆਂ ਮੇਖਾਂ ਵੀ ਉਨ੍ਹਾਂ ਦੀ ਹਿੰਮਤ ਅੱਗੇ ਪਿਘਲ ਗਈਆਂ। ਬੈਰੀਅਰ ਲਾਏ ਗਏ, ਸਭ ਕੁੱਝ ਕੀਤਾ ਗਿਆ ਪਰ ਸਰਕਾਰ ਉਨ੍ਹਾਂ ਦਾ ਹੌਂਸਲਾ ਨਾ ਤੋੜ ਸਕੀ। ਪਰ ਕਿਸਾਨਾਂ ਨੇ ਇੰਨਾ ਦੀ ਹਉਮੈ ਤੋੜ ਦਿੱਤੀ।