ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਪਹਿਲਾ ਦਿਨ ਮੇਜ਼ਬਾਨ ਟੀਮ ਇੰਡੀਆ ਦੇ ਨਾਂ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 258 ਦੌੜਾਂ ਬਣਾ ਲਈਆਂ ਹਨ। ਸਟੰਪਸ ਤੱਕ ਆਪਣਾ ਪਹਿਲਾ ਟੈਸਟ ਖੇਡ ਰਹੇ ਸ਼੍ਰੇਅਸ ਅਈਅਰ 75* ਅਤੇ ਰਵਿੰਦਰ ਜਡੇਜਾ 50* ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਭਾਰਤੀ ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸ਼ੁਰੂਆਤ ‘ਚ ਮਯੰਕ ਅਗਰਵਾਲ ਨੂੰ ਗੁਆਉਣ ਤੋਂ ਬਾਅਦ ਸ਼ੁਭਮਨ ਗਿੱਲ (52 ਦੌੜਾਂ) ਨੇ ਅਰਧ ਸੈਂਕੜਾ ਲਗਾ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਹਾਲਾਂਕਿ ਦੂਜੇ ਸੈਸ਼ਨ ਵਿੱਚ ਭਾਰਤ ਨੇ ਗਿੱਲ, ਪੁਜਾਰਾ ਅਤੇ ਰਹਾਣੇ ਦੀਆਂ ਵਿਕਟਾਂ ਗੁਆ ਦਿੱਤੀਆਂ। 145 ਦੌੜਾਂ ‘ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਜਡੇਜਾ ਅਤੇ ਅਈਅਰ ਨੇ ਅਜੇਤੂ 113 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਸੰਭਾਲਿਆ।