ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕੰਗਨਾ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਮੁੰਬਈ ਦੇ ਖਾਰ ਪੁਲਿਸ ਥਾਣੇ ਵਿੱਚ ਕੰਗਨਾ ਰਣੌਤ ਖ਼ਿਲਾਫ਼ FIR ਦਰਜ ਕਰਵਾਈ ਗਈ ਹੈ। ਇਹ FIR ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਰਜ ਕਰਵਾਈ ਗਈ ਹੈ। ਲਗਾਤਾਰ ਕਿਸਾਨਾਂ ਅਤੇ ਸਿੱਖਾਂ ਦੇ ਖਿਲਾਫ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਹੁਣ ਇੱਕ ਵੱਡੀ ਮੁਸੀਬਤ ‘ਚ ਘਿਰਦੀ ਨਜ਼ਰ ਆ ਰਹੀ ਹੈ।
ਐੱਫ. ਆਈ. ਆਰ ਦੀ ਕਾਪੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ, ਸੰਗਤ ਦੇ ਸਹਿਯੋਗ ਨਾਲ, DSGMC ਸੋਸ਼ਲ ਮੀਡੀਆ ‘ਤੇ ਉਸ ਦੇ ਨਫ਼ਰਤ ਭਰੇ ਭਾਸ਼ਣਾਂ ਲਈ ਕੰਗਨਾ ਰਣੌਤ ਦੇ ਖਿਲਾਫ 295A ਦੇ ਤਹਿਤ ਖਾਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਉਣ ਵਿੱਚ ਸਫਲ ਹੋਇਆ ਹੈ।” ਮਨਜਿੰਦਰ ਸਿੰਘ ਸਿਰਸਾ ਨੇ ਅੱਗੇ ਕਿਹਾ ਕਿ, ਹੁਣ ਉਹ ਦਿਨ ਦੂਰ ਨਹੀਂ ਜਦੋਂ ਉਹ ਬੋਲਣ ਦੀ ਆਜ਼ਾਦੀ ਦੀ ਦੁਰਵਰਤੋਂ (ਗਲਤ ਬਿਆਨਬਾਜ਼ੀ ) ਕਰਨ ਲਈ ਕੰਗਨਾ ਰਣੌਤ ਸਲਾਖਾਂ ਪਿੱਛੇ ਹੋਵੇਗੀ। ਦੱਸ ਦੇਈਏ ਕਿ ਕੰਗਨਾ ਨੇ ਇੱਕ ਪੋਸਟ ਵਿੱਚ ਵਿਵਾਦਿਤ ਟਿੱਪਣੀ ਕੀਤੀ ਸੀ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਰੋਸ ਹੈ। ਕੰਗਨਾ ਤੋਂ ਪਦਮਸ਼੍ਰੀ ਐਵਾਰਡ ਵਾਪਿਸ ਲੈਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਸਿਰਸਾ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੰਗਨਾ ਤੋਂ ਪਦਮ ਸ਼੍ਰੀ ਐਵਾਰਡ ਵਾਪਸ ਲੈਣ ਦੀ ਮੰਗ ਕੀਤੀ ਸੀ ।