ਮੰਗਲਵਾਰ ਨੂੰ ਕਮਿਊਨਿਟੀ ਵਿੱਚ 215 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸਾਂ ਵਿੱਚੋਂ 196 ਆਕਲੈਂਡ ਵਿੱਚ, 11 ਵਾਈਕਾਟੋ ਵਿੱਚ, ਚਾਰ ਨੌਰਥਲੈਂਡ ਵਿੱਚ, ਇੱਕ ਬੇ ਆਫ਼ ਪਲੈਂਟੀ ਵਿੱਚ, ਇੱਕ ਮਿਡਸੈਂਟਰਲ ਵਿੱਚ – ਜੋ ਸੋਮਵਾਰ ਨੂੰ ਰਿਪੋਰਟ ਕੀਤਾ ਗਿਆ ਸੀ ਪਰ ਅਧਿਕਾਰਤ ਤੌਰ ‘ਤੇ ਮੰਗਲਵਾਰ ਦੀ ਗਿਣਤੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਦੋ ਮਾਮਲੇ ਲੇਕਸ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ।
ਮੰਗਲਵਾਰ ਨੂੰ ਕੋਰੋਨਾ ਕਾਰਨ ਇੱਕ ਮੌਤ ਵੀ ਹੋਈ ਹੈ। ਆਕਲੈਂਡ ਸਿਟੀ ਹਸਪਤਾਲ ਵਿੱਚ 50 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 7268 ਹੋ ਗਈ ਹੈ, ਜਿਨ੍ਹਾਂ ਵਿੱਚੋਂ 2453 ਠੀਕ ਹੋ ਚੁੱਕੇ ਹਨ। ਉੱਥੇ ਹੀ ਹਸਪਤਾਲ ਵਿੱਚ ਕੋਵਿਡ -19 ਦੇ 88 ਮਰੀਜ਼ ਹਨ, ਜਿਨ੍ਹਾਂ ਵਿੱਚੋਂ ਦੋ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ, ਛੇ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ਅਧੀਨ ਹਨ।
ਆਕਲੈਂਡ ਸਿਟੀ ਹਸਪਤਾਲ ਵਿੱਚ 37, ਮਿਡਲਮੋਰ ਹਸਪਤਾਲ ਵਿੱਚ 29, ਨੌਰਥ ਸ਼ੋਰ ਹਸਪਤਾਲ ਵਿੱਚ 19, ਵਾਈਕਾਟੋ ਹਸਪਤਾਲ ਵਿੱਚ ਦੋ ਅਤੇ ਰੋਟੋਰੂਆ ਹਸਪਤਾਲ ਵਿੱਚ ਇੱਕ ਮਰੀਜ਼ ਹੈ। ਹਸਪਤਾਲ ਵਿੱਚ ਕੋਵਿਡ -19 ਵਾਲੇ ਲੋਕਾਂ ਦੀ ਔਸਤ ਉਮਰ 45 ਸਾਲ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਹੁਣ 10,000 ਤੋਂ ਪਾਰ ਹੋ ਗਈ ਹੈ, ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਹੁਣ ਇਹ ਗਿਣਤੀ 10,025 ਤੱਕ ਪਹੁੰਚ ਗਈ ਹੈ।