ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਲਕੇ ਤੋਂ ਪੰਜਾਬ ਸਰਕਾਰ ਦੇ ਮੰਤਰੀ ਵੀ ਪਾਕਿਸਤਾਨ ‘ਚ ਯਾਤਰਾ ਕਰਨਗੇ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਪਾਕਿਸਤਾਨ ਜਾ ਸਕਦੇ ਹਨ। ਹਾਲਾਂਕਿ ਉਹ ਸਰਕਾਰ ਨਾਲ ਜਾਣਗੇ ਜਾਂ ਇਕੱਲੇ, ਇਹ ਸਪੱਸ਼ਟ ਨਹੀਂ ਹੈ। ਸਿੱਧੂ ਨੇ ਯਕੀਨੀ ਤੌਰ ‘ਤੇ ਕਿਹਾ ਕਿ ਉਹ ਸ਼ਰਧਾਲੂ ਦੇ ਤੌਰ ‘ਤੇ ਰਿਜੇਸਟ੍ਰੇਸ਼ਨ ਕਰਵਾਉਣਗੇ, ਜੇਕਰ ਉਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਹ ਜ਼ਰੂਰ ਜਾਣਗੇ। ਦੱਸ ਦੇਈਏ ਕਿ ਕੱਲ ਯਾਨੀ 18 ਨਵੰਬਰ ਨੂੰ ਦੂਜੇ ਦਿਨ ਮੁੱਖ ਮੰਤਰੀ ਚਰਨਜੀਤ ਚੰਨੀ ਕਰਤਾਰਪੁਰ ਜਾਣਗੇ। ਉਨ੍ਹਾਂ ਦੇ ਨਾਲ 10 ਮੰਤਰੀ ਅਤੇ ਕੁੱਝ ਵਿਧਾਇਕ ਵੀ ਹੋਣਗੇ। ਅਗਲੇ ਦਿਨ ਭਾਵ 19 ਨਵੰਬਰ ਨੂੰ ਪੰਜਾਬ ਸਰਕਾਰ ਦੇ 6 ਮੰਤਰੀ ਬਾਕੀ ਕਾਂਗਰਸੀ ਵਿਧਾਇਕਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।
ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਪ੍ਰੋਗਰਾਮ ਤੈਅ ਕੀਤਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਵਜੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਚੁੱਕੇ ਹਨ। ਇਹ ਲਾਂਘਾ ਪਹਿਲੀ ਵਾਰ 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ 27 ਨਵੰਬਰ ਨੂੰ ਅਮਰਿੰਦਰ ਆਪਣੇ ਕੈਬਨਿਟ ਸਾਥੀਆਂ ਸਮੇਤ ਲਾਂਘੇ ਰਾਹੀਂ ਪਾਕਿਸਤਾਨ ਗਏ ਸੀ। ਹਾਲਾਂਕਿ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਸ਼ੁਰੂ ਤੋਂ ਹੀ ਕ੍ਰੈਡਿਟ ਯੁੱਧ ਚੱਲ ਰਿਹਾ ਹੈ। ਲਾਂਘਾ ਸਭ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਸਿੱਧੂ ਨੇ ਪਾਕਿ ਫੌਜ ਮੁਖੀ ਬਾਜਵਾ ਨੂੰ ਜੱਫੀ ਪਾਈ। ਸਿੱਧੂ ਪਾਕਿ ਪੀਐਮ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਸਨ। ਬਾਅਦ ਵਿਚ ਉਨ੍ਹਾਂ ਕਿਹਾ ਕਿ ਬਾਜਵਾ ਨੇ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ, ਜਿਸ ਕਾਰਨ ਉਹ ਭਾਵਨਾਵਾਂ ਵਿੱਚ ਆ ਗਏ ਸਨ। ਕੁੱਝ ਸਮੇਂ ਬਾਅਦ ਕੇਂਦਰ ਸਰਕਾਰ ਨੇ ਲਾਂਘਾ ਖੋਲ੍ਹ ਦਿੱਤਾ ਸੀ। ਹਾਲਾਂਕਿ ਇਹ ਮੰਗ ਵੀ ਲੰਬੇ ਸਮੇਂ ਤੋਂ ਚੱਲ ਰਹੀ ਸੀ।