ਨਿਊਜ਼ੀਲੈਂਡ ਵਿੱਚ ਲਾਗੂ ਲੌਕਡਾਊਨ ਤੋਂ ਹੁਣ ਸਥਾਨਕ ਲੋਕ ਪਰੇਸ਼ਾਨ ਹੋ ਚੁੱਕੇ ਹਨ। ਲੰਬੇ ਸਮੇਂ ਤੋਂ ਲਾਗੂ ਲੌਕਡਾਊਨ ਨੂੰ ਲੈ ਕੇ ਨਿਊਜ਼ੀਲੈਂਡ ਦੇ ਵੈਲਿੰਗਟਨ ਵਿੱਚ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਹੈ। ਭਾਰੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕਿ ਲੌਕਡਾਊਨ ਦੇ ਵਿਰੋਧ ਵਿੱਚ ਸੜਕਾਂ ‘ਤੇ ਉਤਰ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦੀ ਇੱਕ ਵੱਡੀ ਭੀੜ, ਜਿਸ ਵਿੱਚ ਮੋਟਰਸਾਈਕਲਾਂ ‘ਤੇ ਸਵਾਰ ਬਹੁਤ ਸਾਰੇ ਲੋਕ ਸ਼ਾਮਿਲ ਹਨ, ਤਾਲਾਬੰਦੀ ਅਤੇ ਟੀਕੇ ਦੇ ਆਦੇਸ਼ ਦਾ ਵਿਰੋਧ ਕਰਨ ਲਈ ਕੇਂਦਰੀ ਵੇਲਿੰਗਟਨ ਵਿੱਚ ਸੜਕਾਂ ‘ਤੇ ਉਤਰੇ ਹਨ।
ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕ ਸਿਵਿਕ ਸਕੁਆਇਰ ਵਿੱਚ ਇਕੱਠੇ ਹੋਏ ਸਨ, ਜਦਕਿ ਸੰਸਦ ਵਿੱਚ ਸੁਰੱਖਿਆ ਸਖ਼ਤ ਹੈ ਕਿਉਂਕਿ ਹੁਣ ਉੱਥੇ ਹਜ਼ਾਰਾਂ ਲੋਕ ਮੌਜੂਦ ਹਨ। ਵਿਲਿਸ ਸੇਂਟ ਨੂੰ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਮੋਟਰਸਾਈਕਲਾਂ ‘ਤੇ ਸਵਾਰ ਦਰਜਨਾਂ ਲੋਕ ਅਤੇ ਹੋਰ ਪੈਦਲ ਸ਼ਹਿਰ ਤੋਂ ਪਾਰਲੀਮੈਂਟ ਵੱਲ ਮਾਰਚ ਕਰਦੇ ਹੋਏ ਵੱਧ ਰਹੇ ਸਨ। ਨੈਸ਼ਨਲ ਦੀ ਜੂਡਿਥ ਕੋਲਿਨਜ਼ ਨੇ ਆਪਣੇ ਸੰਸਦ ਮੈਂਬਰਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਨਾ ਮਿਲਣ ਲਈ ਕਿਹਾ ਹੈ।
ਇਹ ਮਾਮਲਾ ਆਕਲੈਂਡ ਦੀ ਉੱਤਰੀ ਸਰਹੱਦ ‘ਤੇ ਇੱਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ ਜਦੋਂ ਵੈਲਸਫੋਰਡ ਨੇੜੇ ਸਟੇਟ ਹਾਈਵੇਅ 1 ਨੂੰ ਇੱਕ ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨ ਬਹੁਤ ਸਾਰੇ ਲੋਕਾਂ ਨੇ ਮਾਸਕ ਵੀ ਨਹੀਂ ਪਾਇਆ ਅਤੇ ਉੱਥੇ ਬਹੁਤ ਸਾਰੇ ਬੱਚੇ ਵੀ ਹਾਜ਼ਰ ਸਨ।