ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਈਵੇਟ ਬੱਸ ਅਪਰੇਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ 300 ਬੱਸਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦਕਿ 200 ਬੱਸਾਂ ਦੇ ਚਲਾਨ ਕੀਤੇ ਗਏ ਹਨ। ਜਿੱਥੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਰੋਡ ਟੈਕਸ ਨਾ ਦੇਣ ਵਾਲੇ ਪ੍ਰਾਈਵੇਟ ਬੱਸ ਆਪਰੇਟਰਾਂ ‘ਤੇ ਸ਼ਿਕੰਜਾ ਕੱਸਿਆ ਹੈ, ਉਥੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ‘ਤੇ ਜਨਵਰੀ 2021 ਤੋਂ ਹੁਣ ਤੱਕ 13 ਲੱਖ ਰੁਪਏ ਦਾ ਟੈਕਸ ਬਕਾਇਆ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਵਾਲਾਂ ‘ਚ ਘਿਰ ਗਏ ਹਨ। ਮਨਪ੍ਰੀਤ ਬਾਦਲ ਦੇ ਪਰਿਵਾਰ ਵੱਲੋਂ ਚਲਾਈ ਜਾ ਰਹੀ ਬੱਸ ਸੇਵਾ ਦਾ ਜਨਵਰੀ 2021 ਤੋਂ ਹੁਣ ਤੱਕ 13 ਲੱਖ ਰੁਪਏ ਦਾ ਟੈਕਸ ਬਕਾਇਆ ਹੈ।
ਮਨਪ੍ਰੀਤ ਬਾਦਲ ਨੇ ਹਾਲਾਂਕਿ ਇਸ ਪੂਰੇ ਵਿਵਾਦ ‘ਤੇ ਚੁੱਪੀ ਤੋੜੀ ਹੈ। ਇੱਕ ਅੰਗਰੇਜ਼ੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਜਲਦ ਹੀ ਆਪਣਾ ਰੋਡ ਟੈਕਸ ਅਦਾ ਕਰਨਗੇ। ਹਾਲਾਂਕਿ ਮਨਪ੍ਰੀਤ ਬਾਦਲ ਨੇ ਇਸ ਮਾਮਲੇ ‘ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਬੱਸ ਅਪਰੇਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੇ.ਐਸ.ਗਰੇਵਾਲ ਦਾ ਕਹਿਣਾ ਹੈ ਕਿ ਵਧੇਰੇ ਕੰਪਨੀਆਂ ਸਿਆਸਤਦਾਨਾਂ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਮੌਜੂਦਾ ਸਰਕਾਰ ਦੇ ਵਿਧਾਇਕ ਵੀ ਸ਼ਾਮਿਲ ਹਨ। ਪਰ ਛੋਟੇ ਆਪਰੇਟਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੱਥੇ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵੜਿੰਗ ਨੇ ਵਿਧਾਇਕਾਂ ਵੱਲੋਂ ਚਲਾਈਆਂ ਜਾ ਰਹੀਆਂ ਕੰਪਨੀਆਂ ਨੂੰ ਵੀ ਚਿਤਾਵਨੀ ਦੇਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਵਿੱਚੋਂ ਕਿਸੇ ਵੀ ਕੰਪਨੀ ਦੀਆਂ ਬੱਸਾਂ ਦਾ ਕੋਈ ਚਲਾਨ ਨਹੀਂ ਕੱਟਿਆ ਗਿਆ।