ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚਾਰ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਹੋਰ ਵੀ ਤਾਕਤਵਰ ਬਣ ਕੇ ਉੱਭਰੀ ਹੈ। ਸਾਰੀਆਂ ਚਾਰ ਸੀਟਾਂ ‘ਤੇ ਟੀਐਮਸੀ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਭਾਜਪਾ ਆਪਣੀਆਂ ਦੋ ਜਿੱਤੀਆਂ ਸੀਟਾਂ ਦਿਨਹਾਟਾ ਅਤੇ ਸ਼ਾਂਤੀਪੁਰ ਨੂੰ ਵੀ ਨਹੀਂ ਬਚਾ ਸਕੀ ਹੈ। ਵਿਧਾਨ ਸਭਾ ਵਿੱਚ ਟੀਐਮਸੀ ਦੇ ਵਿਧਾਇਕਾਂ ਦੀ ਗਿਣਤੀ 217 ਹੋ ਗਈ ਹੈ। ਇੰਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 30 ਅਕਤੂਬਰ ਨੂੰ ਵੋਟਿੰਗ ਹੋਈ ਸੀ। ਜੇਕਰ ਭਾਜਪਾ ਤੋਂ ਆਏ ਪੰਜ ਹੋਰ ਵਿਧਾਇਕ ਸ਼ਾਮਿਲ ਕੀਤੇ ਜਾਣ ਤਾਂ ਇਹ ਗਿਣਤੀ ਵੱਧ ਕੇ 222 ਹੋ ਗਈ ਹੈ।
ਸਾਰੀਆਂ ਚਾਰ ਸੀਟਾਂ ਦੀ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਟੀਐਮਸੀ ਨੂੰ 75 ਫੀਸਦੀ, ਭਾਜਪਾ ਨੂੰ 14.5 ਫੀਸਦੀ, ਸੀਪੀਆਈਐਮ ਨੂੰ 7.3 ਫੀਸਦੀ ਵੋਟਾਂ ਮਿਲੀਆਂ ਹਨ। ਦੂਜੇ ਪਾਸੇ, ਕਾਂਗਰਸ ਨੂੰ ਸਿਰਫ 0.37 ਫੀਸਦੀ ਵੋਟਾਂ ਮਿਲੀਆਂ, ਜੋ ਕਿ ਨੋਟਾ ਤੋਂ ਵੀ ਘੱਟ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ। ਭਵਾਨੀਪੁਰ ਸਮੇਤ ਤਿੰਨ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਹੁਣ ਫਿਰ ਤੋਂ ਟੀਐੱਮਸੀ ਦੇ ਸਾਰੇ ਉਮੀਦਵਾਰ ਚਾਰ ਵਿਧਾਨ ਸਭਾ ਸੀਟਾਂ ਜਿੱਤਣ ‘ਚ ਸਫਲ ਰਹੇ ਹਨ ਅਤੇ ਟੀਐੱਮਸੀ ਉਮੀਦਵਾਰਾਂ ਦੀ ਗਿਣਤੀ ਵੀ ਵੱਧ ਗਈ ਹੈ।