ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਗਾਜ਼ੀਪੁਰ ਸਰਹੱਦ ਤੋਂ ਬੈਰੀਕੇਡਸ ਹਟਾਉਣ ‘ਤੇ ਨਾਰਾਜ਼ਗੀ ਜਤਾਈ ਹੈ। ਨਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ। ਚੜੂਨੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਧਰਨੇ ਵਾਲੀਆਂ ਥਾਵਾਂ ਤੋਂ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਦੀਵਾਲੀ ਮਨਾਉਣਗੇ। ਦਰਅਸਲ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਗਾਜ਼ੀਪੁਰ ਅਤੇ ਟਿਕਰੀ ਬਾਰਡਰ ਤੋਂ ਪੁਲਿਸ ਵਲੋਂ ਕਈ ਬੈਰੀਕੇਡਸ ਨੂੰ ਹਟਾ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਇਨ੍ਹਾਂ ਰਸਤਿਆਂ ਨੂੰ ਹੁਣ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਦੂਜੀਆਂ ਥਾਵਾਂ ‘ਤੇ ਵੀ ਸੜਕਾਂ ਨੂੰ ਜਲਦ ਖੋਲ੍ਹਣ ਦਾ ਯਤਨ ਹੈ।
ਇਸ ਤੋਂ ਅੱਗੇ ਚੜੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਰਾਤ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੁਨੇਹਾ ਆਉਂਦਾ ਹੈ ਤਾਂ ਰਾਤ ਨੂੰ ਹੀ ਦਿੱਲੀ ਵੱਲ ਤੁਰਨਾ ਪਵੇਗਾ । ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕਿਸੇ ਗਲਤਫਹਿਮੀ ਵਿੱਚ ਨਾ ਰਹਿਣ ਤੇ ਨਾਲ ਹੀ ਅਸੀਂ ਤੁਹਾਨੂੰ ਵੀ ਤਿਆਰੀ ਕਰਨ ਲਈ ਕਹਿੰਦੇ ਹਾਂ। ਜੇਕਰ ਸਰਕਾਰ ਨੇ ਸੜਕਾਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਰ ਦੀਵਾਲੀ ਮੋਦੀ ਦੇ ਦਰਵਾਜ਼ੇ ‘ਤੇ ਮਨਾਵਾਂਗੇ। ਅਸੀਂ ਸਾਰੇ ਮੋਦੀ ਦੇ ਘਰ ਦੇ ਅੱਗੇ ਚਲਾਂਗੇ, ਉਥੇ ਡੇਰਾ ਲਾਵਾਂਗੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੂੰ ਮੁੜ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਸੀਂ ਸ਼ਾਂਤੀ ਨਾਲ ਬੈਠੇ ਹਾਂ, ਕੋਈ ਦੰਗਾ ਨਹੀਂ, ਕੋਈ ਲੜਾਈ ਨਹੀਂ ਕਰ ਰਹੇ ਪਰ ਇਸ ਦੇ ਬਾਵਜੂਦ ਜੇਕਰ ਸਰਕਾਰ ਕਿਸਾਨਾਂ ਨਾਲ ਛੇੜਛਾੜ ਕਰਦੀ ਹੈ ਜਾਂ ਕਿਸਾਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਅਸੀਂ ਦਿੱਲੀ ਵੱਲ ਕੂਚ ਕਰਾਂਗੇ।
ਸੋਸ਼ਲ ਮੀਡੀਆ ‘ਤੇ ਗੁਰਨਾਮ ਸਿੰਘ ਚੜੂਨੀ ਕਹਿ ਰਹੇ ਹਨ ਅਜਿਹੀ ਅਫਵਾਹ ਹੈ ਕਿ ਪੁਲਿਸ ਹੁਣ ਸੜਕਾਂ ‘ਤੇ ਆ ਸਕਦੀ ਹੈ।ਦੀਵਾਲੀ ਤੱਕ ਸਭ ਕੁੱਝ ਖਾਲੀ ਕਰਵਾ ਦਿੱਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਸਾਰੇ ਕਿਸਾਨ ਪੀਐਮ ਮੋਦੀ ਦੀ ਰਿਹਾਇਸ਼ ਦੇ ਬਾਹਰ ਦੀਵਾਲੀ ਮਨਾਉਣਗੇ। ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਨੂੰ ਲੈ ਕੇ SKM ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਹੈ । SKM ਨੇ ਕਿਹਾ ਹੈ ਕਿ ਕਿਸਾਨਾਂ ਨੇ ਸੜਕਾਂ ਨੂੰ ਜਾਮ ਨਹੀਂ ਕੀਤਾ ਹੈ ਅਤੇ ਸਾਰੀਆਂ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਦੋਵਾਂ ਪਾਸਿਆਂ ਤੋਂ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਹੈ। ਮੋਰਚੇ ਦਾ ਕਹਿਣਾ ਹੈ ਕਿ ਜੇਕਰ ਸਾਰਾ ਰਸਤਾ ਖੋਲ੍ਹਿਆ ਜਾ ਰਿਹਾ ਹੈ ਤਾਂ ਭਾਰਤ ਸਰਕਾਰ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਰਾਹ ਖੋਲ੍ਹਣਾ ਚਾਹੀਦਾ ਹੈ।