ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਇੱਥੇ ਮੁਹੰਮਦ ਸ਼ਮੀ ਦੀ ਆਨਲਾਈਨ ਟ੍ਰੋਲਿੰਗ ਦੇ ਮੁੱਦੇ ‘ਤੇ ਗੁੱਸੇ ‘ਚ ਨਜ਼ਰ ਆਏ। ਹਾਲ ਹੀ ‘ਚ ਪਾਕਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ ‘ਤੇ ਕੁੱਝ ਲੋਕਾਂ ਨੇ ਨਿਸ਼ਾਨਾ ਬਣਾਇਆ ਸੀ, ਜਿਸ ਨੂੰ ਲੈ ਕੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੋਹਲੀ ਨੇ ਮੁਹੰਮਦ ਸ਼ਮੀ ਨੂੰ ਟ੍ਰੋਲ ਕਰ ਰਹੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਗੌਰਤਲਬ ਹੈ ਕਿ ਸ਼ਮੀ ‘ਤੇ ਨਿਸ਼ਾਨਾ ਸਾਧਣ ਤੋਂ ਬਾਅਦ ਕ੍ਰਿਕਟ ਜਗਤ ਦੇ ਸਾਰੇ ਦਿੱਗਜਾਂ ਨੇ ਉਸ ਦਾ ਸਮਰਥਨ ਕੀਤਾ। ਹੁਣ ਕੈਪਟਨ ਦੀ ਤਰਫੋਂ ਇਹ ਬਿਆਨ ਆਇਆ ਹੈ।
ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸਾਡਾ ਧਿਆਨ ਬਾਹਰ ਦੇ ਡਰਾਮੇ ‘ਤੇ ਨਹੀਂ ਹੈ, ਅਸੀਂ ਪੂਰੀ ਤਰ੍ਹਾਂ ਮੈਚ ‘ਤੇ ਫੋਕਸ ਕਰ ਰਹੇ ਹਾਂ। ਵਿਰਾਟ ਨੇ ਕਿਹਾ ਕਿ ਧਰਮ ਦੇ ਆਧਾਰ ‘ਤੇ ਕਿਸੇ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ ਹੈ। ਕੈਪਟਨ ਵਿਰਾਟ ਕੋਹਲੀ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕੁੱਝ ਲੋਕ ਅਜਿਹੇ ਹਨ ਜੋ ਆਪਣੀ ਪਛਾਣ ਛੁਪਾ (ਲਕੋ) ਕੇ ਅਜਿਹੀਆਂ ਹਰਕਤਾਂ ਕਰਦੇ ਹਨ, ਅੱਜ ਦੇ ਸਮੇਂ ‘ਚ ਇਹ ਨਿਯਮਿਤ ਹੋ ਗਿਆ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਨੀਵਾਂ ਪੱਧਰ ਹੈ, ਜਦੋਂ ਉਹ ਕਿਸੇ ਨੂੰ ਇਸ ਤਰ੍ਹਾਂ ਤੰਗ ਕਰਦੇ ਹਨ।
ਅਸੀਂ ਆਪਣੇ ਡਰੈਸਿੰਗ ਰੂਮ ਵਿੱਚ ਮਾਹੌਲ ਨੂੰ ਠੀਕ ਰੱਖਦੇ ਹਾਂ ਅਤੇ ਆਪਣੇ ਖਿਡਾਰੀਆਂ ਨੂੰ ਇਕੱਠੇ ਰੱਖਦੇ ਹਾਂ। ਬਾਹਰੋਂ ਜੋ ਵੀ ਡਰਾਮਾ ਰਚਿਆ ਗਿਆ, ਉਹ ਪੂਰੀ ਤਰ੍ਹਾਂ ਉਨ੍ਹਾਂ ਦੀਆਂ ਗਲਤੀਆਂ ਨੂੰ ਦਰਸਾਉਂਦਾ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੇ ਧਰਮ ਦੇ ਆਧਾਰ ‘ਤੇ ਨਿਸ਼ਾਨਾ ਬਣਾਉਣਾ ਸਭ ਤੋਂ ਗਲਤ ਹੈ। ਮੈਂ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਇਹ ਸਿਰਫ ਕੁੱਝ ਲੋਕਾਂ ਦਾ ਕੰਮ ਹੈ। ਜੇਕਰ ਕਿਸੇ ਨੂੰ ਮੁਹੰਮਦ ਸ਼ਮੀ ਦੀ ਖੇਡ ‘ਚ ਜਨੂੰਨ ਨਜ਼ਰ ਨਹੀਂ ਆਉਂਦਾ ਤਾਂ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।