ਵਾਈਕਾਟੋ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਮਗਰੋਂ ਭੱਜ ਰਹੇ ਇੱਕ ਵਿਅਕਤੀ ਦੇ ਵੱਲੋਂ ਕਥਿਤ ਤੌਰ ‘ਤੇ ਤਿੰਨ ਪੁਲਿਸ ਕਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਮਾਮਲੇ ‘ਚ ਵਿਅਕਤੀ ਨੂੰ ਗਿਰਫ਼ਤਾਰ ਕਰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਉਸ ਆਦਮੀ ਦੀ ਗੱਡੀ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਕਾਰ ਦੇ ਟਾਇਰਾਂ ‘ਤੇ ਸਪਾਈਕ ਲਗਾ ਕੇ ਉਸਨੂੰ ਸਫਲਤਾਪੂਰਵਕ ਫੜ ਲਿਆ ਸੀ। 43 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸ਼ਨੀਵਾਰ ਨੂੰ ਹੈਮਿਲਟਨ ਅਦਾਲਤ ‘ਚ ਪੇਸ਼ ਕੀਤਾ ਜਿਸ ‘ਤੇ ਗਲਤ ਡਰਾਈਵਿੰਗ, ਹਮਲਾ ਅਤੇ ਦੁਕਾਨ ਚੋਰੀ ਦੇ ਦੋਸ਼ ਲੱਗੇ ਸਨ।
ਪੁਲਿਸ ਕੱਲ੍ਹ ਰਾਤ 8.30 ਵਜੇ ਦੇ ਕਰੀਬ ਸਲੋਏਨ ਸਟ੍ਰੀਟ, ਤੇ ਅਵਾਮੁਟਾ ‘ਤੇ ਇੱਕ ਸਟੋਰ ਵਿੱਚ ਚੋਰੀ ਦੀਆਂ ਰਿਪੋਰਟਾਂ ਦਾ ਜਵਾਬ ਦੇ ਰਹੀ ਸੀ। ਜਦੋਂ ਪੁਲਿਸ ਪਹੁੰਚੀ, ਤਾਂ ਇੱਕ ਟੋਇਟਾ ਲੈਂਡਕ੍ਰੂਜ਼ਰ ਮੌਕੇ ਤੋਂ ਜਾ ਰਹੀ ਸੀ ਅਤੇ ਪੁਲਿਸ ਦੁਆਰਾ ਰੁਕਣ ਦਾ ਇਸ਼ਾਰਾ ਕੀਤੇ ਜਾਣ ਮਗਰੋਂ ਵੀ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਫਿਰ, ਰਾਤ 9 ਵਜੇ, ਪੁਲਿਸ ਨੂੰ ਉਸੇ ਖੇਤਰ ਵਿੱਚ ਚੋਰੀ ਦੀ ਇੱਕ ਹੋਰ ਰਿਪੋਰਟ ਮਿਲੀ। ਇੰਸਪੈਕਟਰ ਮਾਈਕ ਹੈਨਵੁੱਡ ਨੇ ਕਿਹਾ ਕਿ ਕਥਿਤ ਅਪਰਾਧੀ ਨੇ ਫਿਰ ਆਪਣੀ ਗੱਡੀ ਇੱਕ ਸਟੇਸ਼ਨਰੀ ਪੁਲਿਸ ਕਾਰ ਵਿੱਚ ਮਾਰੀ ਜਿਸ ਨਾਲ “ਵਾਹਨ ਨੂੰ ਕਾਫ਼ੀ ਨੁਕਸਾਨ ਹੋਇਆ। ਹਾਲਾਂਕਿ ਵਾਹਨ ਦੇ ਅੰਦਰ ਵਾਲਾ ਅਧਿਕਾਰੀ ਸ਼ੁਕਰ ਹੈ ਕਿ ਜ਼ਖਮੀ ਨਹੀਂ ਹੋਇਆ”। ਇਸ ਮਗਰੋਂ ਉਸਨੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਰਾਹਤ ਰਹੀ ਕਿ ਕੋਈ ਵੀ ਸਟਾਫ ਮੈਂਬਰ ਜ਼ਖਮੀ ਨਹੀਂ ਹੋਇਆ।