ਪੰਜਾਬ ਦੇ ਇੱਕ ਨੌਜਵਾਨ ਦਾ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਹੈ। ਰਾਜਪੁਰਾ, ਪਟਿਆਲਾ ਦੇ ਇੱਕ ਨੌਜਵਾਨ ਦੇ ਕਤਲ ਕਾਰਨ ਪੂਰਾ ਇਲਾਕਾ ਸੋਗ ਵਿੱਚ ਹੈ। ਰਾਜਪੁਰਾ ਦੇ ਗੁਲਾਬ ਨਗਰ ਦੇ ਰਹਿਣ ਵਾਲੇ 18 ਸਾਲਾ ਏਕਮ ਸਿੰਘ ਦਾ ਆਸਟ੍ਰੇਲੀਆ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪਾਰਕਿੰਗ ਵਿਵਾਦ ਕਾਰਨ ਹਮਲਾਵਰਾਂ ਨੇ ਏਕਮ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮ੍ਰਿਤਕ ਏਕਮ ਸਿੰਘ ਦਾ ਪਰਿਵਾਰ (ਮਾਪੇ) ਆਸਟ੍ਰੇਲੀਆ ਵਿੱਚ ਹੀ ਰਹਿੰਦਾ ਹੈ। ਉਸਦੇ ਦਾਦਾ-ਦਾਦੀ ਅਤੇ ਹੋਰ ਪਰਿਵਾਰਕ ਮੈਂਬਰ ਰਾਜਪੁਰਾ ਵਿੱਚ ਰਹਿੰਦੇ ਹਨ।
ਪੰਜ ਸਾਲ ਪਹਿਲਾਂ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਆਸਟ੍ਰੇਲੀਆ ਗਏ ਏਕਮ ਦੀ ਮੌਤ ਦੀ ਖ਼ਬਰ ਜਿਵੇਂ ਹੀ ਰਾਜਪੁਰਾ ਪਹੁੰਚੀ, ਪਰਿਵਾਰ ਵਿੱਚ ਸੋਗ ਫੇਲ ਗਿਆ। ਏਕਮ ਦੀ ਬਜ਼ੁਰਗ ਦਾਦੀ ਮਨਮੋਹਨ ਕੌਰ ਆਪਣੇ ਪੋਤੇ ਦੀ ਮੌਤ ਕਾਰਨ ਸਦਮੇ ਵਿੱਚ ਹੈ ਅਤੇ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਏਕਮ ਦੇ ਮਾਪਿਆਂ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਏਕਮ ਆਪਣੇ ਪਰਿਵਾਰ ਨਾਲ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਵਿੱਚ ਰਹਿੰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਵਿੱਚ ਪਾਰਕਿੰਗ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ, ਜਿਸ ਤੋਂ ਬਾਅਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਏਕਮ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਆਪਣੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਅਤੇ ਉੱਥੋਂ ਭੱਜ ਗਏ।