ਵੈਲਿੰਗਟਨ ਵਿੱਚ ਖੇਡੇ ਗਏ 5ਵੇਂ ਟੀ-20 ਮੈਚ ਵਿੱਚ ਵੀ ਨਿਊਜ਼ੀਲੈਂਡ ਨੇ ਜਿੱਤ ਦਰਜ ਕੀਤੀ ਹੈ। ਇਸ ਨਾਲ ਉਸ ਨੇ ਪਾਕਿਸਤਾਨ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਨਿਊਜ਼ੀਲੈਂਡ ਨੇ 5ਵੇਂ ਟੀ-20 ‘ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 129 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ ਸਿਰਫ 10 ਓਵਰਾਂ ‘ਚ 2 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।
5ਵੇਂ ਟੀ-20 ਵਿੱਚ 20 ਓਵਰਾਂ ਵਿੱਚ 129 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਲਈ ਉਸ ਦੇ ਸਲਾਮੀ ਬੱਲੇਬਾਜ਼ ਟਿਮ ਸੀਫਰਟ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। 255.26 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ ਸੇਫਰਟ ਨੇ 38 ਗੇਂਦਾਂ ‘ਤੇ ਅਜੇਤੂ 97 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 10 ਛੱਕੇ ਅਤੇ 6 ਚੌਕੇ ਸ਼ਾਮਲ ਸਨ। ਪਹਿਲੀ ਵਿਕਟ ਲਈ ਸੀਫਰਟ ਅਤੇ ਐਲਨ ਨੇ ਮਿਲ ਕੇ ਸਕੋਰ ਬੋਰਡ ਵਿੱਚ 93 ਦੌੜਾਂ ਜੋੜੀਆਂ। ਦੋਵਾਂ ਨੇ ਮਿਲ ਕੇ ਤੇਜ਼ ਸ਼ੁਰੂਆਤ ਦਿੱਤੀ, ਜਿਸ ਦੇ ਨਤੀਜੇ ਵਜੋਂ ਕੀਵੀ ਟੀਮ ਨੇ 60 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਿਲ ਕਰ ਲਿਆ।