ਇੱਕ ਵਿਦਿਆਰਥੀ ਵੱਲੋਂ ਬੁੱਧਵਾਰ ਦੁਪਹਿਰ ਵੇਲੇ ਕ੍ਰਾਈਸਟਚਰਚ ਦੇ ਇੱਕ ਸਕੂਲ ਵਿੱਚ ਦੋ ਅਧਿਆਪਕਾਂ ‘ਤੇ ਕੈਂਚੀ ਦੀ ਵਰਤੋਂ ਕਰਕੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਉਨ੍ਹਾਂ ਨੂੰ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਅਰਨੂਈ ਦੇ ਉਪਨਗਰ ਵਿੱਚ ਸਥਿਤ ਹੇਟਾ ਕਮਿਊਨਿਟੀ ਕੈਂਪਸ ਵਿੱਚ ਬੁਲਾਇਆ ਗਿਆ ਸੀ। ਪ੍ਰਿੰਸੀਪਲ ਪੈਗੀ ਬਰੋਜ਼ ਨੇ ਕਿਹਾ ਕਿ ਹਮਲਾ ਸਕੂਲ ਦੇ ਪ੍ਰਾਇਮਰੀ ਭਾਗ ਵਿੱਚ ਹੋਇਆ ਸੀ, ਅਤੇ ਇਸ ਵਿੱਚ 16 ਸਾਲ ਤੋਂ ਘੱਟ ਉਮਰ ਦਾ ਇੱਕ ਵਿਦਿਆਰਥੀ ਸ਼ਾਮਿਲ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਅਧਿਆਪਕਾ ਦੇ ਹੱਥ ਦੀ ਹਥੇਲੀ ‘ਤੇ ਕੱਟ ਲੱਗਿਆ ਸੀ ਅਤੇ ਦੂਜੇ ਦੇ ਸਿਰ ਵਿੱਚ ਸੱਟਾਂ ਲੱਗੀਆਂ ਸਨ। ਬਰੋਜ਼ ਨੇ ਕਿਹਾ ਕਿ ਹਮਲਾ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਦੇਖਿਆ ਗਿਆ ਸੀ। ਹੇਟਾ ਕਮਿਊਨਿਟੀ ਕੈਂਪਸ ਵੀ ਹਮਲੇ ਦੀ ਜਾਂਚ ਕਰ ਰਿਹਾ ਸੀ। ਕੱਲ੍ਹ ਕਲਾਸਾਂ ਆਮ ਵਾਂਗ ਚੱਲਣਗੀਆਂ।
