ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ 2.0 ‘ਤੇ ਬੁੱਧਵਾਰ ਰਾਤ ਨੂੰ ਪੁਲਿਸ ਨੇ ਪੂਰੀ ਯੋਜਨਾਬੰਦੀ ਨਾਲ ਵੱਡੀ ਕਾਰਵਾਈ ਕੀਤੀ ਹੈ। ਭਾਰੀ ਪੁਲਿਸ ਫੋਰਸ ਨੇ ਦੋਵਾਂ ਸਰਹੱਦਾਂ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਦਿੱਤਾ ਗਿਆ। ਇਸ ਤੋਂ ਇਲਾਵਾ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਬਣਾਏ ਗਏ ਸਟੇਜਾਂ ਅਤੇ ਆਰਜ਼ੀ ਮਕਾਨਾਂ ਨੂੰ ਵੀ ਢਾਹ ਦਿੱਤਾ ਗਿਆ ਹੈ। ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਵੀ ਸਰਹੱਦਾਂ ਤੋਂ ਹਟਾਈਆਂ ਗਈਆਂ ਹਨ। ਸ਼ੰਭੂ ਅਤੇ ਖਨੌਰੀ ਮੋਰਚੇ ਤੋਂ ਔਰਤਾਂ ਨੂੰ ਵਾਹਨਾਂ ਵਿੱਚ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ ਹੈ। ਕਈ ਕਿਸਾਨਾਂ ਨੇ ਆਪ ਹੀ ਮੋਰਚਾ ਛੱਡ ਦਿੱਤਾ। ਕਿਸਾਨਾਂ ਦੇ ਪੱਕੇ ਢਾਂਚੇ ਨੂੰ ਕਰੇਨਾਂ ਅਤੇ ਜੇਸੀਬੀ ਨਾਲ ਤੋੜਿਆ ਜਾ ਰਿਹਾ ਹੈ।
ਪੁਲਿਸ ਦੀ ਇਸ ਕਾਰਵਾਈ ਦੇ ਬੁੱਧਵਾਰ ਸਵੇਰ ਤੋਂ ਹੀ ਸੰਕੇਤ ਮਿਲੇ ਸਨ ਕਿਉਂਕਿ ਸਰਹੱਦਾਂ ਦੇ ਨੇੜੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ ਅਤੇ ਬੱਸਾਂ, ਐਂਬੂਲੈਂਸਾਂ, ਟਰੈਕਟਰਾਂ ਅਤੇ ਰਾਈਟ ਕੰਟਰੋਲ ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ।