ਹੈਮਿਲਟਨ ‘ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਨੂੰ ਰੇਲ ਗੱਡੀ ਨੇ ਟੱਕਰ ਮਾਰੀ ਹੈ। ਦਰਅਸਲ ਇਹ ਕਾਰ ਇੱਕ ਲੈਵਲ ਕਰਾਸਿੰਗ ਦੇ ਵਿਚਕਾਰ ਰੁਕ ਗਈ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਾਰ ‘ਚ ਸਵਾਰ 4 ਔਰਤਾਂ ਦੀ ਜਾਨ ਵਾਲ-ਵਾਲ ਬਚ ਗਈ। TikTok ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਚਾਰ ਔਰਤਾਂ ਨੂੰ ਆਪਣੀ ਕਾਰ ‘ਚੋਂ ਤੇਜ਼ੀ ਨਾਲ ਬਾਹਰ ਨਿਕਲਦੇ ਹੋਏ ਦਿਖਾਇਆ ਗਿਆ ਹੈ ਜੋ ਸ਼ਨੀਵਾਰ ਦੁਪਹਿਰ ਨੂੰ ਗ੍ਰੇਅ ਸਟ੍ਰੀਟ ਲੈਵਲ ਕਰਾਸਿੰਗ ‘ਤੇ ਖਰਾਬ ਹੋ ਗਈ ਸੀ। ਕੁਝ ਸਕਿੰਟਾਂ ਬਾਅਦ ਕਾਰ ਨੂੰ ਇੱਕ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਇੱਕ ਬਿਆਨ ਵਿੱਚ, ਕੀਵੀਰੇਲ ਦੇ ਬੁਲਾਰੇ ਨੇ ਕਿਹਾ ਕਿ ਰੇਲਗੱਡੀ ਦੇ ਡਰਾਈਵਰ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਰ ਨੂੰ ਟੱਕਰ ਮਾਰਨ ਤੋਂ ਪਹਿਲਾਂ ਉਹ ਰੁਕਣ ਵਿੱਚ ਅਸਮਰੱਥ ਸੀ।
