ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੰਜ ਦਿਨਾਂ ਦੌਰੇ ‘ਤੇ ਐਤਵਾਰ ਨੂੰ ਭਾਰਤ ਪਹੁੰਚੇ ਸਨ। ਲਕਸਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਵਿਆਪਕ ਗੱਲਬਾਤ ਕੀਤੀ ਹੈ। ਪੀਐਮ ਮੋਦੀ ਅਤੇ ਨਿਊਜ਼ੀਲੈਂਡ ਦੇ ਪੀਐਮ ਕ੍ਰਿਸਟੋਫਰ ਨੇ ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪ੍ਰੈਸ ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਲਕਸਨ ਲੰਬੇ ਸਮੇਂ ਤੋਂ ਭਾਰਤ ਨਾਲ ਜੁੜੇ ਹੋਏ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਹੋਲੀ ਦੇ ਰੰਗਾਂ ਵਿੱਚ ਰੰਗ ਕੇ ਤਿਉਹਾਰ ਦਾ ਮਾਹੌਲ ਸਿਰਜਿਆ, ਅਸੀਂ ਸਭ ਨੇ ਦੇਖਿਆ। ਭਾਰਤੀ ਮੂਲ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਪਿਆਰ ਇਸ ਗੱਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨਾਲ ਭਾਈਚਾਰਕ ਵਫ਼ਦ ਵੀ ਭਾਰਤ ਆਇਆ ਹੈ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਰਾਇਸੀਨਾ ਡਾਇਲਾਗ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅੱਜ ਅਸੀਂ ਆਪਣੇ ਦੁਵੱਲੇ ਪਹਿਲੂਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਅਸੀਂ ਆਪਣੀ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਰੱਖਿਆ ਉਦਯੋਗ ਵਿੱਚ ਵੀ ਆਪਸੀ ਸਹਿਯੋਗ ਲਈ ਰੋਡਮੈਪ ਬਣਾਇਆ ਜਾਵੇਗਾ। ਸਾਡੀਆਂ ਜਲ ਸੈਨਾਵਾਂ ਹਿੰਦ ਮਹਾਸਾਗਰ ਵਿੱਚ ਮਿਲ ਕੇ ਕੰਮ ਕਰ ਰਹੀਆਂ ਹਨ। ਨਿਊਜ਼ੀਲੈਂਡ ਫੌਜ ਦਾ ਜਹਾਜ਼ ਦੋ ਦਿਨਾਂ ਵਿੱਚ ਮੁੰਬਈ ਵਿੱਚ ਬੰਦਰਗਾਹ ਕਾਲ ਕਰ ਰਿਹਾ ਹੈ।
ਉੱਥੇ ਭਾਰਤ ਤੋਂ ਨਿਊਜ਼ਟਾਕ ਜੈਡਬੀਜ਼ ਦੇ ਮਾਈਕ ਹੋਸਕਿੰਗ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਹ ਵੀ ਦੱਸਿਆ ਕਿ ਉਹ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਸਿੱਧੀ ਉਡਾਣ ਲਈ ਨਿਊਜੀਲੈਂਡ ਭਾਰਤ ਵਿੱਚ ਕਾਰਜਸ਼ੀਲ਼ ਸਾਰੀਆਂ ਹੀ ਏਅਰਲਾਈਨਜ਼ ਨੂੰ ਜੋਰ ਪਾਕੇ ਦੋਨਾਂ ਦੇਸ਼ਾਂ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਹ ਸਿੱਧੀ ਉਡਾਣ ਆਕਲੈਂਡ-ਮੁੰਬਈ ਜਾਂ ਆਕਲੈਂਡ-ਦਿੱਲੀ ਉਡਾਣ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਨਿਊਜੀਲੈਂਡ ਵੱਸਦੇ ਹਰ ਭਾਰਤੀ ਲਈ ਬਹੁਤ ਮੱਹਤਵ ਰੱਖਦੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਲਾਭਦਾਇਕ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਆਪਸੀ ਵਪਾਰ ਅਤੇ ਨਿਵੇਸ਼ ਦੀ ਸੰਭਾਵਨਾ ਵਧੇਗੀ। ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਭਾਰਤ ਆਏ ਵੱਡੇ ਵਫ਼ਦ ਨੂੰ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਮਿਲੇਗਾ। ਕ੍ਰਿਕੇਟ ਹੋਵੇ, ਹਾਕੀ ਹੋਵੇ ਜਾਂ ਪਰਬਤਾਰੋਹੀ, ਖੇਡਾਂ ਵਿੱਚ ਦੋਵਾਂ ਦੇਸ਼ਾਂ ਦਾ ਪੁਰਾਣਾ ਰਿਸ਼ਤਾ ਹੈ। ਅਸੀਂ ਖੇਡ ਵਿਗਿਆਨ, ਮਨੋਵਿਗਿਆਨ ਅਤੇ ਦਵਾਈ ਵਿੱਚ ਵੀ ਸਹਿਯੋਗ ‘ਤੇ ਜ਼ੋਰ ਦਿੱਤਾ ਹੈ। ਸਾਲ 2026 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। UPI ਕਨੈਕਟੀਵਿਟੀ, ਡਿਜੀਟਲ ਲੈਣ-ਦੇਣ ਅਤੇ ਸੈਰ-ਸਪਾਟਾ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਸਿੱਖਿਆ ਦੇ ਖੇਤਰ ਵਿੱਚ ਸਾਡੇ ਪੁਰਾਣੇ ਸਬੰਧ ਹਨ। ਅਸੀਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਸੱਦਾ ਦਿੰਦੇ ਹਾਂ।